ਘਟਨਾਵਾਂ ਦੱਸ ਰਹੀਆ ਹਨ ਲੁਟੇਰਿਆਂ ਦੇ ਵੱਧ ਰਹੇ ਹੌਸਲਿਆਂ ਦੀ ਦਾਸਤਾਨ : ਕਾਮਰੇਡ ਬਾਜੇਵਾਲਾ
ਸੰਜੀਵ ਜਿੰਦਲ / ਰੋਹਿਨ ਜਿੰਦਲ
ਮਾਨਸਾ, 29 ਜੁਲਾਈ ( ਪ੍ਰਾਈਮ ਪੋਸਟ ਪੰਜਾਬ ) : ਪੂਰੀ ਦੁਨੀਆ ਵਿੱਚ ਪ੍ਰਸਿੱਧ ਨਾਮਵਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਮਾਨਸਾ ਜਿਲ੍ਹੇ ਵਿੱਚ ਪੂਰੇ ਪੰਜਾਬ ਵਾਂਗ ਲੁੱਟਾਂ-ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਬੇਹਿਤਾਸਾ ਵਾਧਾ ਹੋਇਆ ਹੈ ਤੇ ਅਪਰਾਧੀਆ ਦੇ ਹੌਸਲੇ ਦਿਨੋ-ਦਿਨ ਵਧਣ ਤੇ ਵਾਪਰ ਰਹੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਸਹਿਮ ਤੇ ਡਰ ਦਾ ਮਾਹੌਲ ਪਣਪ ਰਿਹਾ ਹੈ । ਅੱਤਵਾਦ ਦੇ ਦੌਰ ਵਾਂਗ ਲੋਕ ਮਜ਼ਬੂਰੀ ਵੱਸ ਹੀ ਘਰੋ ਬਾਹਰ ਨਿਕਲ ਰਹੇ ਹਨ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰੈਸ ਬਿਆਨ ਰਾਹੀ ਕਰਦਿਆ ਸੀਪੀਆਈ (ਐਮ ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਤੇ ਜਿਲ੍ਹਾ ਸਕੱਤਰ ਕਾਮਰੇਡ ਬਲਦੇਵ ਸਿੰਘ ਬਾਜੇਵਾਲਾ ਨੇ ਕਿਹਾ ਕਿ ਰਿਵਾਇਤੀ ਪਾਰਟੀਆਂ ਨੂੰ ਹਰਾ ਕੇ ਬਦਲਾਅ ਦੇ ਨਾਮ ਤੇ ਲੋਕਾਂ ਨੇ ‘ਆਪ’ ਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ , ਪਰੰਤੂ ਆਪ ਸਰਕਾਰ ਲਾਅ ਐਂਡ ਆਰਡਰ ਨੂੰ ਮਨਟੇਨ ਕਰਨ ਵਿੱਚ ਅਸਫਲ ਜਾਪ ਰਹੀ ਹੈ ਤੇ ਨਸ਼ਿਆਂ ਦਾ ਚੌਥਾ ਦਰਿਆ ਬਾਦਸਤੂਰ ਪੰਜਾਬ ਵਿੱਚ ਵਗ ਰਿਹਾ ਹੈ । ਨਸ਼ੇ ਦੀ ਲੱਤ ਨੂੰ ਪੂਰੀ ਕਰਨ ਲਈ ਨਸ਼ੇੜੀ ਲੁੱਟਾਂ-ਖੋਹਾਂ ਕਰ ਰਹੇ ਹਨ ਤੇ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਿਹਾ ਹੈ ।
ਆਗੂਆਂ ਨੇ ਪੰਜਾਬ ਸਰਕਾਰ ਤੇ ਜਿਲ੍ਹਾ ਪ੍ਰਸ਼ਾਸਨ ਤੋਂ ਫੌਰੀ ਤੇ ਮੂਸਤੈਦੀ ਵਰਤਣ ਦੀ ਅਰਜ ਕਰਦਿਆ ਕਿਹਾ ਕਿ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਹਿੱਤ ਪੁਲਿਸ ਪ੍ਰਸ਼ਾਸਨ ਨੂੰ ਚੌਕਸ ਕੀਤਾ ਜਾਵੇ ਤਾਂ ਕਿ ਅਪਰਾਧੀਆਂ ਤੇ ਸਮਾਜ ਵਿਰੋਧੀ ਅਨਸਰਾਂ ਦੇ ਵੱਧ ਰਹੇ ਹੌਸਲਿਆ ਨੂੰ ਰੋਕਿਆ ਜਾ ਸਕੇ ਤੇ ਲੋਕ ਡਰ ਰਹਿਤ ਜੀਵਨ ਜਿਉਂ ਸਕਣ ।

