ਸੰਜੀਵ ਜਿੰਦਲ
ਮਾਨਸਾ, 20 ਅਕਤੂਬਰ 2026 : ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਅਤੇ ਸਾਬਕਾ ਫੌਜੀ ਭੀਮ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਮੰਗਲਵਾਰ ਨੂੰ ਹੋਣ ਵਾਲੇ ਦੌਰੇ ਨੂੰ ਲੈ ਕੇ ਸਖ਼ਤ ਸਟੈਂਡ ਲਿਆ ਹੈ। ਭੀਮ ਸਿੰਘ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਗ੍ਰਹਿ ਮੰਤਰੀ ਦੇ ਦੌਰੇ ਦੌਰਾਨ ਕਿਸੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾਂਦਾ ਹੈ ਤਾਂ ਉਹ ਇਸ ਨੂੰ ਆਪਣਾ ਨਿੱਜੀ ਅਪਮਾਨ ਸਮਝਣਗੇ।
ਉਨ੍ਹਾਂ ਕਿਹਾ, “ਮੈਂ ਸਰਹੱਦਾਂ ‘ਤੇ ਦੇਸ਼ ਦੀ ਸੇਵਾ ਕੀਤੀ ਹੈ, ਮੈਂ ਇੱਕ ਸਾਬਕਾ ਫੌਜੀ ਹਾਂ। ਮੈਨੂੰ ਪੂਰਾ ਭਰੋਸਾ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਡੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਵਿੱਚ ਮਦਦ ਕਰਨਗੇ। ਜੇਕਰ ਕੋਈ ਉਨ੍ਹਾਂ ਦਾ ਵਿਰੋਧ ਕਰਦਾ ਹੈ ਤਾਂ ਇਹ ਮੇਰੀ ਅਤੇ ਝੋਟਾ ਦੀ ਮ੍ਰਿਤਕ ਦੇਹ ਦੀ ਤੌਹੀਨ ਹੋਵੇਗੀ।”
ਭੀਮ ਸਿੰਘ ਨੇ ਅੱਗੇ ਕਿਹਾ ਕਿ ‘ਆਪ’ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਦੇ ਸਿਆਸੀ ਆਗੂਆਂ ਦਾ ਉਨ੍ਹਾਂ ਦੇ ਘਰ ਸਵਾਗਤ ਹੈ, ਬਸ਼ਰਤੇ ਉਹ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਆਉਣ। ਉਨ੍ਹਾਂ ਮਿਸਾਲ ਦਿੱਤੀ ਕਿ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੀ ਉਨ੍ਹਾਂ ਨੂੰ ਮਿਲਣ ਆਏ ਸਨ, ਜਿਨ੍ਹਾਂ ਦਾ ਕਿਸੇ ਤਰ੍ਹਾਂ ਦਾ ਵਿਰੋਧ ਨਹੀਂ ਕੀਤਾ ਗਿਆ।
CBI ਜਾਂਚ ਦੀ ਮੰਗ ਫਿਰ ਦੁਹਰਾਈ
ਭੀਮ ਸਿੰਘ ਨੇ ਇੱਕ ਵਾਰ ਫਿਰ ਮਾਮਲੇ ਦੀ CBI ਜਾਂਚ ਦੀ ਮੰਗ ਨੂੰ ਦੁਹਰਾਇਆ। ਉਨ੍ਹਾਂ ਦੋਸ਼ ਲਾਇਆ ਕਿ ਜੇਕਰ ਜਾਂਚ ਕੇਂਦਰੀ ਏਜੰਸੀ ਨੂੰ ਨਾ ਸੌਂਪੀ ਗਈ ਤਾਂ ਸਥਾਨਕ ਪੁਲਿਸ ਵੱਲੋਂ ਸਬੂਤ ਨਸ਼ਟ ਕੀਤੇ ਜਾਣ ਦਾ ਖਦਸ਼ਾ ਹੈ। ਨਾਲ ਹੀ ਉਨ੍ਹਾਂ ਅਦਾਲਤ ਨੂੰ ਅਪੀਲ ਕੀਤੀ ਕਿ ਪਰਵਿੰਦਰ ਝੋਟਾ ਖਿਲਾਫ ਦਰਜ ਪੁਰਾਣੇ ਕੇਸਾਂ ਦੀ ਸੁਣਵਾਈ ਫਾਸਟ-ਟਰੈਕ ਅਦਾਲਤ ਵਿੱਚ ਕੀਤੀ ਜਾਵੇ।
ਭੀਮ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਫੈਸਲਾ ਲਿਆ ਗਿਆ ਹੈ ਕਿ ਹੁਣ ਤੋਂ ਪਰਵਿੰਦਰ ਦੀ ਪਤਨੀ ਮਨਪ੍ਰੀਤ ਕੌਰ ਐਕਸ਼ਨ ਕਮੇਟੀ ਦੀਆਂ ਮੀਟਿੰਗਾਂ ਵਿੱਚ ਬਾਕਾਇਦਾ ਸ਼ਾਮਲ ਹੋਇਆ ਕਰੇਗੀ, ਕਿਉਂਕਿ ਉਹ ਖੁਦ ਪਿਛਲੀਆਂ ਕੁਝ ਮੀਟਿੰਗਾਂ ਵਿੱਚ ਹਾਜ਼ਰ ਨਹੀਂ ਹੋ ਸਕੇ ਸਨ।
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਐਕਸ਼ਨ ਕਮੇਟੀ ਨੇ ਅਮਿਤ ਸ਼ਾਹ ਦੇ ਦੌਰੇ ਦਾ ਬਾਈਕਾਟ ਕਰਨ ਅਤੇ ਪਰਿਵਾਰ ਨੂੰ ਨਾ ਮਿਲਣ ਦੀ ਅਪੀਲ ਕੀਤੀ ਸੀ, ਹਾਲਾਂਕਿ ਬਾਅਦ ਵਿੱਚ ਕਮੇਟੀ ਨੇ ਇਸ ਫੈਸਲੇ ‘ਤੇ ਮੁੜ ਵਿਚਾਰ ਸ਼ੁਰੂ ਕਰ ਦਿੱਤਾ ਸੀ।