ਬਿਊਰੋ, ਪ੍ਰਾਈਮ ਪੋਸਟ ਪੰਜਾਬ
ਮੋਰਿੰਡਾ, 29 ਜੁਲਾਈ 2022 : ਮੋਰਿੰਡਾ ਚੁੰਨੀ ਰੋਡ ਤੇ ਬਣੇ ਰੇਲਵੇ ਅੰਡਰਬ੍ਰਿਜ ਦੇ ਬੈਰੀਕੇਡ ਨਾਲ ਟਕਰਾਉਣ ਨਾਲ ਇੱਕ ਬੱਸ ਦੀ ਛੱਤ ਤੇ ਬੈਠੇ ਬਰਾਤੀ ਹਾਦਸੇ ਦਾ ਸ਼ਿਕਾਰ ਹੋ ਗਏ , ਜਿਸ ਕਾਰਨ ਬੱਸ ਤੋਂ 10 ਬਰਾਤੀ ਹੇਠਾਂ ਡਿੱਗਕੇ ਫੱਟੜ ਹੋ ਗਏ ਜਿਨ੍ਹਾਂ ਵਿਚੋਂ 2 ਦੀ ਹਾਲਤ ਗੰਭੀਰ ਹੋਣ ਕਾਰਨ ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਕਰਵਾਉਣਾ ਪਿਆ। ਜਦੋਂਕਿ ਬਾਕੀ ਜ਼ਖ਼ਮੀਆਂ ਨੂੰ ਮਾਮੂਲੀ ਸੱਟਾਂ ਲੱਗਣ ਕਾਰਨ ਸਥਾਨਕ ਸਿਵਲ ਹਸਪਤਾਲ ਤੋਂ ਇਲਾਜ ਕਰਕੇ ਛੁੱਟੀ ਕਰ ਦਿੱਤੀ ਗਈ ।
ਪ੍ਰਾਪਤ ਜਾਣਕਾਰੀ ਅਨੁਸਾਰ ਮੋਰਿੰਡਾ ਦੇ ਵਾਰਡ ਨੰਬਰ 5 ਦੀ ਵਸਨੀਕ ਲੜਕੀ ਦੀ ਸ਼ਾਦੀ, ਅਮਲੋਹ (ਖੰਨਾ )ਵਾਸੀ ਲੜਕੇ ਨਾਲ ਹੋਣੀ ਨਿਸ਼ਚਿਤ ਕੀਤੀ ਗਈ ਸੀ । ਜਿਸ ਅਨੁਸਾਰ ਲੜਕੇ ਵਾਲੇ ਅਮਲੋਹ ਤੋੰ ਬੱਸ ਨੰਬਰ ਪੀਬੀ 02 ਏਐਕਸ 7785 ਰਾਹੀਂ ਬਰਾਤ ਲੈਕੇ ਮੋਰਿੰਡੇ ਆਏ ਸਨ । ਦੇਰ ਸ਼ਾਮੀ ਬਰਾਤ ਦੀ ਵਿਦਾਇਗੀ ਸਮੇ ਕੁੱਝ ਬਰਾਤੀ ਨਸ਼ੇ ਦੀ ਲੋਰ ਵਿੱਚ ਬੱਸ ਦੀ ਛੱਤ ਉਤੇ ਚੜ੍ਹ ਗਏ ਅਤੇ ਬੱਸ ਜਦੋਂ ਚੂੰਨੀ ਰੋਡ ਤੇ ਸਥਿਤ ਰੇਲਵੇ ਅੰਡਰਬ੍ਰਿਜ ਤੋ ਲੰਘਣ ਲੱਗੀ ਤਾ ਬੱਸ ਉਪਰ ਬੈਠੇ ਬਰਾਤੀ ਅੰਡਰਬ੍ਰਿਜ ਤੋ ਪਹਿਲਾਂ ਲੱਗੇ ਲੋਹੇ ਦੇ ਬੈਰੀਕੇਡ ਵਿੱਚ ਫਸ ਗਏ ਅਤੇ ਲੱਗਭੱਗ 10 ਬਰਾਤੀ ਹੇਠਾਂ ਡਿੱਗ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਮੋਰਿੰਡਾ ਪੁਲਿਸ ਸ਼ਹਿਰੀ ਦੇ ਐੱਸਐੱਚਓ ਇੰਸਪੈਕਟਰ ਹਰਕੀਰਤ ਸਿੰਘ ਆਪਣੀ ਪੁਲਿਸ ਟੀਮ ਨਾਲ ਘਟਨਾ ਸਥਾਨ ਤੇ ਪਹੁੰਚੇ ਜਿਨ੍ਹਾਂ ਵੱਲੋਂ ਜਖਮੀਆਂ ਨੂੰ ਮੋਰਿਡਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ। ਜ਼ਖ਼ਮੀਆਂ ਵਿੱਚ ਲਾੜੇ ਦਾ ਪਿਤਾ ਗੋਪੀ , ਕਾਲੂ , ਵਿੱਕੀ , ਸਿਕੰਦਰ, ਅਮਨਾ , ਰੋਹਿਤ , ਸ਼ੰਟੀ, ਅਰੁਣ , ਫੌਜੀ ਅਤੇ ਮਲਿਕ ਪੁੱਤਰ ਰਾਮ ਮੂਰਤੀ ਸਾਰੇ ਵਾਸੀ ਅਮਲੋਹ ( ਖੰਨਾ) ਸ਼ਾਮਲ ਹਨ। ਘਟਨਾ ਦਾ ਪਤਾ ਲੱਗਣ ਉਪਰੰਤ ਲਾੜੀ ਦੇ ਪਰਿਵਾਰਕ ਮੈਂਬਰ ਵੱਡੀ ਗਿਣਤੀ ਵਿੱਚ ਹਸਪਤਾਲ ਵਿੱਚ ਪਹੁੰਚ ਗਏ ।

ਹਸਪਤਾਲ ਵਿੱਚ ਡਾਕਟਰਾਂ ਵੱਲੋਂ 8 ਜਖਮੀਆਂ ਦਾ ਇਲਾਜ ਕਰਨ ਉਪਰੰਤ ਛੁੱਟੀ ਕਰ ਦਿੱਤੀ ਗਈ , ਪਰੰਤੂ 2 ਬਰਾਤੀਆਂ ਜਿਨ੍ਹਾਂ ਦੇ ਜਿਆਦਾ ਸੱਟਾ ਲੱਗੀਆਂ ਹੋਣ ਕਾਰਨ ਉਨ੍ਹਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ।
ਸਥਾਨਕ ਹਸਪਤਾਲ ਦੇ ਡਾਕਟਰਾਂ ਵੱਲੋਂ ਪੀਜੀਆਈ ਚੰਡੀਗੜ੍ਹ ਭੇਜਣ ਵਾਲੇ ਮਰੀਜ਼ਾਂ ਵਿੱਚ ਲਾੜੇ ਦਾ ਪਿਤਾ ਵੀ ਸ਼ਾਮਲ ਹੈ । ਇਸ ਹਾਦਸੇ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨੂੰ ਲੈ ਕੇ ਸੰਪਰਕ ਕਰਨ ਤੇ ਇੰਸਪੈਕਟਰ ਹਰਕੀਰਤ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਰੇਲਵੇ ਦੇ ਅਧਿਕਾਰ ਖੇਤਰ ਅਧੀਨ ਹੈ।

