ਯੋਗਤਾ ਮਿਤੀ 01.10.2026 ਦੇ ਆਧਾਰ ‘ਤੇ ਵੋਟਰ ਸੂਚੀਆਂ ਦੀ ਲਗਾਤਾਰ ਸੁਧਾਈ ਦਾ ਕੰਮ ਸ਼ੁਰੂ
ਬੀਐਲਓਜ ਨੂੰ ਹਦਾਇਤਾਂ ਜਾਰੀ, ਫਾਰਮ ਭਰਵਾਉਣ ਸਬੰਧੀ ਨਾਗਰਿਕਾਂ ਨੂੰ ਕੀਤਾ ਜਾਵੇ ਜਾਗਰੂਕ
ਸੰਜੀਵ ਜਿੰਦਲ
ਮਾਨਸਾ, 12 ਅਕਤੂਬਰ : ਯੋਗਤਾ ਮਿਤੀ 1.10.2026 ਦੇ ਆਧਾਰ ‘ਤੇ ਪ੍ਰਾਪਤ ਹੋਏ ਦਾਅਵੇ ਤੇ ਇਤਰਾਜ਼ਾਂ ਦੇ ਨਿਪਟਾਰੇ ਉਪਰੰਤ ਫੋਟੋ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕੀਤੀ ਗਈ ਹੈ। ਅੱਜ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਮੂਹ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਜ਼ਿਲ੍ਹਾ ਮਾਨਸਾ ਦੇ ਵੋਟਰਾਂ ਦੀਆਂ ਸੂਚੀਆਂ ਸੌਂਪੀਆਂ ਗਈਆਂ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਪੂਨਮ ਸਿੰਘ ਦੀ ਮੌਜੂਦਗੀ ਵਿੱਚ ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਨੇ ਦੱਸਿਆ ਕਿ ਅੰਤਿਮ ਪ੍ਰਕਾਸ਼ਿਤ ਵੋਟਰ ਸੂਚੀ ਵਿਚ 5,88,555 ਕੁੱਲ ਵੋਟਰ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ ਦਿਵਿਆਂਗ ਵੋਟਰ 5613 ਅਤੇ 85 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ 4411 ਵੋਟਰ ਹਨ। ਇਸ ਤੋਂ ਇਲਾਵਾ ਜ਼ਿਲੇ ਵਿੱਚ 3049 ਸਰਵਿਸ ਵੋਟਰ ਵੀ ਦਰਜ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਯੋਗਤਾ ਮਿਤੀ 01.10.2026 ਦੇ ਆਧਾਰ ‘ਤੇ ਵੋਟਰ ਸੂਚੀਆਂ ਦੀ ਲਗਾਤਾਰ ਸੁਧਾਈ ਦਾ ਕੰਮ ਅੱਜ ਤੋਂ ਸ਼ੁਰੂ ਹੋ ਚੁੱਕਾ ਹੈ। ਜੇਕਰ ਕਿਸੇ ਵੋਟਰ ਦੀ ਯੋਗ ਵੋਟ ਦਰਜ ਹੋਣ ਤੋਂ ਰਹਿ ਗਈ ਹੈ ਤਾਂ ਉਹ ਆਪਣੀ ਵੋਟ ਦਰਜ ਕਰਵਾਉਣ ਲਈ ਫਾਰਮ ਨੰਬਰ 6 ਭਰ ਕੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਦੇ ਦਫ਼ਤਰ, ਬੂਥ ਲੈਵਲ ਅਫ਼ਸਰ ਜਾਂ ਜ਼ਿਲ੍ਹਾ ਚੋਣ ਦਫ਼ਤਰ ਵਿਖੇ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਫਾਰਮ voters.eci.gov.in or ਈਸੀਆਈ ਨੈਟ ਐਪ ਰਾਹੀਂ ਆਨਲਾਈਨ ਵੀ ਭਰੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ 18 ਤੋਂ 19 ਸਾਲ ਦੇ ਯੋਗ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇ। ਵੋਟਰ ਸੂਚੀ ਵਿਚ ਪਹਿਲਾਂ ਤੋਂ ਦਰਜ ਵੋਟ ਕਟਵਾਉਣ ਲਈ ਫਾਰਮ ਨੰਬਰ 7 ਅਤੇ ਪਹਿਲਾਂ ਦਰਜ ਵੋਟ ਵਿਚ ਕਿਸੇ ਕਿਸਮ ਦੀ ਸੋਧ ਕਰਵਾਉਣ ਲਈ ਫਾਰਮ ਨੰਬਰ 8 ਭਰਿਆ ਜਾ ਸਕਦਾ ਹੈ।
ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਨੇ ਸਮੂਹ ਬੂਥ ਲੈਵਲ ਅਫਸਰਾਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਉਹ ਇਨ੍ਹਾਂ ਫਾਰਮ ਨੂੰ ਭਰਵਾਉਣ ਸਬੰਧੀ ਨਾਗਰਿਕਾਂ ਨੂੰ ਜਾਣਕਾਰੀ ਦਿੰਦੇ ਰਹਿਣ ਅਤੇ ਫਾਰਮ ਭਰਨ ਲਈ ਹਰ ਇੱਕ ਨਾਗਰਿਕ ਦੀ ਮੱਦਦ ਕਰਨ। ਉਹਨਾਂ ਕਿਹਾ ਕਿ ਜੇਕਰ ਕਿਸੇ ਨਾਗਰਿਕ ਵੱਲੋਂ ਸਹਿਯੋਗ ਨਾ ਕਰਨ ਲਈ ਕੋਈ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਸਬੰਧਤ ਬੀ ਐਲ ਓ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਤਹਿਸੀਲਦਾਰ ਚੋਣਾਂ ਸ੍ਰੀ ਭੂਸ਼ਣ ਕੁਮਾਰ, ਕਾਂਗਰਸ ਵੱਲੋਂ ਰਾਕੇਸ਼ ਕੁਮਾਰ ਅਤੇ ਅਮ੍ਰਿਤਪਾਲ ਸਿੰਘ ਕੂਕਾ, ਬੀ.ਐੱਸ.ਪੀ. ਤੋਂ ਗੁਰਜੀਵਨ ਸਿੰਘ ਅਤੇ ਬਚਿੱਤਰ ਸਿੰਘ, ਸ਼੍ਰੋਮਣੀ ਅਕਾਲੀ ਦਲ ਤੋਂ ਕੇ.ਐੱਸ. ਮਠਾੜੂ, ਬੀ.ਜੇ.ਪੀ. ਤੋਂ ਰੋਹਿਤ ਬਾਂਸਲ, ਆਪ ਤੋਂ ਭਰਪੂਰ ਸਿੰਘ ਤੇ ਅਮ੍ਰਿਤਪਾਲ ਸਿੰਘ ਆਦਿ ਨੁਮਾਇੰਦਿਆਂ ਤੋਂ ਇਲਾਵਾ ਜ਼ਿਲ੍ਹਾ ਚੋਣ ਦਫ਼ਤਰ ਤੋਂ ਰਾਜੇਸ਼ ਯਾਦਵ, ਦੀਪਕ ਕੁਮਾਰ, ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।