ਭਾਈ ਬਹਿਲੋ ਖਾਲਸਾ ਗਰਲਜ ਕਾਲਜ ਫਫੜੇ ਭਾਈਕੇ ਵਿੱਚ ਕਰਵਾਏ ਗਏ ਸਵੱਛਤਾ ਸਬੰਧੀ ਗੀਤ,ਭਾਸ਼ਣ,ਪੇਟਿੰਗ ਅਤੇ ਕਵਿਤਾ ਮੁਕਾਬਲੇ
ਸੰਜੀਵ ਜਿੰਦਲ / ਰੋਹਿਨ ਜਿੰਦਲ
ਮਾਨਸਾ, 17 ਅਗਸਤ ( ਪ੍ਰਾਈਮ ਪੋਸਟ ਪੰਜਾਬ ) : ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਵੱਛਤਾ ਪੰਦਰਵਾੜਾ ਵੱਖ ਵੱਖ ਯੂਥ ਕਲੱਬਾਂ ਦੇ ਸਹਿਯੋਗ ਨਾਲ ਮਨਾਇਆ ਗਿਆ।ਅਜ਼ਾਦੀ ਦੇ 75 ਵੇਂ ਅੰਮ੍ਰਿਤ ਮਹਾਉਤਸਵ ਨੂੰ ਸਮਰਪਿਤ ਇਸ ਪੰਦਰਵਾੜੇ ਦੌਰਾਨ ਯੂਥ ਕਲੱਬਾਂ ਵੱਲੋਂ ਪਿੰਡ ਦੀਆਂ ਸਾਂਝੀਆਂ ਥਾਵਾਂ ਸਕੂਲਾਂ,ਖੇਡ ਮੈਦਾਨ ਪਿੰਡ ਦੇ ਪਾਰਕ ਅਤੇ ਸ਼ਹੀਦਾ ਦੀ ਯਾਦ ਬਣਾਏ ਗਏ ਬੁੱਤਾਂ ਦੀ ਸਾਫ ਸਫਾਈ ਕੀਤੀ ਗਈ।ਇਸ ਤੋਂ ਇਲਾਵਾ ਬੱਚਿਆਂ ਵਿੱਚ ਸਵੱਛਤਾ ਸਬੰਧੀ ਜਾਗਰੂਕਤਾ ਕਰਨ ਹਿੱਤ ਪੋਸਟਰ ਭਾਸ਼ਣ,ਲੇਖ ਮੁਕਾਬਲੇ ਵੀ ਕਰਵਾਏ ਗਏ।ਸਵੱਛਤਾ ਪੰਦਰਵਾੜੇ ਦਾ ਸਮਾਪਤੀ ਸਮਾਗਮ ਅਤੇ ਇਨਾਮ ਵੰਡ ਸਮਾਰੋਹ ਭਾਈ ਬਹਿਲੋ ਖਾਲਸਾ ਗਰਲਜ ਕਾਲਜ ਫਫੜੇ ਭਾਈਕੇ ਵਿੱਚ ਕਰਵਾਇਆ ਗਿਆ।

ਭਾਈ ਬਹਿਲੋ ਖਾਲਸਾ ਗਰਲਜ ਕਾਲਜ ਫਫੜੇ ਭਾਈਕੇ ਦੇ ਪ੍ਰੋਗਰਾਮ ਅਫਸਰ ਡਾ. ਵੀਰਵੰਤੀ ਕੌਰ ਦੀ ਅਗਵਾਈ ਹੇਠ ਸਵੱਛਤਾ ਸਬੰਧੀ ਕਰਵਾਏ ਗਏ ਗੀਤ ਮੁਕਾਬਲੇ ਵਿੱਚ ਜਸਪ੍ਰੀਤ ਕੌਰ ਨੇ ਪਹਿਲਾ,ਸੋਨਾ ਕੌਰ ਨੇ ਦੂਸਰਾ ਅਤੇ ਰਮਨਦੀਪ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਕਰਵਾਏ ਗਏ ਪੋਸਟਰ ਮੁਕਾਬਿਲਆਂ ਵਿੱਚ ਗਿਆਰ੍ਹਵੀਂ ਦੀ ਵਿਦਆਰਥਣ ਲਵਪ੍ਰੀਤ ਕੌਰ ਨੇ ਪਹਿਲੇ ਸਥਾਨ ਦੀ ਬਾਜੀ ਮਾਰੀ ਜਦੋਂ ਕਿ ਬਾਰ੍ਹਵੀਂ ਦੀ ਹੀ ਲਵਪ੍ਰੀਤ ਕੌਰ ਦੂਜੇ ਅਤੇ ਖੁਸ਼ਪ੍ਰੀਤ ਕੌਰ ਨੂੰ ਤੀਸਰੇ ਸਥਾਨ ਤੇ ਰਹੇ ।ਭਾਸ਼ਣ ਮੁਕਾਬਲੇ ਵਿੱਚ ਸੋਨਾ ਕੌਰ ਪਹਿਲੇ,ਰੂਬਲ ਦੂਸਰੇ ਅਤੇ ਮਨਪ੍ਰੀਤ ਕੌਰ ਤੀਸਰੇ ਸਥਾਨ ਤੇ ਰਹੇ। ਕਵਿਤਾ ਮੁਕਾਬਿਲਆਂ ਵਿੱਚ ਨਵਦੀਪ ਕੌਰ ਨੇ ਪਹਿਲਾ ਰਮਨਦੀਪ ਕੌਰ ਅਤੇ ਮਹਿਕਦੀਪ ਕੌਰ ਨੂੰ ਕ੍ਰਮਵਾਰ ਦੂਸਰਾ ਅਤੇ ਤੀਸਰਾ ਸਥਾਨ ਮਿਲਿਆ।

ਇਨਾਮ ਵੰਡਣ ਦੀ ਰਸਮ ਭਾਈ ਬਹਿਲੋ ਖਾਲਸਾ ਗਰਲਜ ਕਾਲਜ ਫਫੜੇ ਭਾਈਕੇ ਦੇ ਪ੍ਰਿੰਸੀਪਲ ਡਾ.ਸੁਖਦੇਵ ਸਿੰਘ ਨੇ ਅਦਾ ਕੀਤੀ ਉਹਨਾਂ ਇਸ ਮੌਕੇ ਬੋਲਦਿਆਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।ਉਹਨਾਂ ਕਿਹਾ ਕਿ ਗਲਤ ਅਨਸਰ ਧਰਮਾਂ ਰਾਹੀਂ ਲੋਕਾਂ ਨੂੰ ਲੜਾਉਦੇ ਹਨ ਇਸ ਲਈ ਸਾਨੂੰ ਅਜਿਹੇ ਵਿਅਕਤੀਆਂ ਤੋ ਸੁਚੇਤ ਰਹਿਣਾ ਚਾਹੀਦਾ ਹੈ।ਡਾ.ਸੁਖਦੇਵ ਸਿੰਘ ਨੇ ਵਿਦਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਤਕਨੀਕ ਦਾ ਯੁੱਗ ਹੈ ਇਸ ਤਕਨੀਕ ਦੇ ਸਾਧਨਾਂ ਰਾਂਹੀ ਹਰ ਵਿਸ਼ੇ ਦੀ ਜਾਣਕਾਰੀ ਹਾਸਲ ਕਰ ਸਕਦੇ ਹਾਂ ਪਰ ਅਜਿਹੇ ਸਾਧਨਾਂ ਦਾ ਗਲਤ ਇਸਤੇਮਾਲ ਸਾਨੂੰ ਬਰਬਾਦ ਵੀ ਕਰ ਸਕਦਾ ਹੈ।

ਸਮਾਪਤੀ ਸਮਾਗਮ ਨੂੰ ਸੰਬੋਧਨ ਕਰਦਿਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਅਧਿਕਾਰੀ ਡਾ.ਸੰਦੀਪ ਘੰਡ ਨੇ ਕਿਹਾ ਕਿ ਨਹਿਰੂ ਯੁਵਾ ਕੇਂਦਰ ਮਾਨਸਾ ਦੀ ਇਹ ਹਮੇਸ਼ਾ ਕੋਸ਼ਿਸ ਹੁੰਦੀ ਹੈ ਕਿ ਵਿਦਿਆਰਥੀਆਂ ਦੇ ਵੱਧ ਤੋਂ ਵੱਧ ਵਿਸ਼ਿਆਂ ਦੇ ਕੁਇੱਜ,ਭਾਸ਼ਣ,ਲੇਖ ਜਾਂ ਗੀਤ ਮੁਕਾਬਲੇ ਕਰਵਾਏ ਜਾਣ ਕਿਉਕਿ ਇਸ ਨਾਲ ਜਿੱਥੇ ਵਿਦਿਆਰਥੀਆਂ ਨੂੰ ਉਸ ਵਿਸ਼ੇ ਬਾਰੇ ਜਾਣਕਾਰੀ ਮਿਲਦੀ ਹੈ ਉਥੇ ਹੀ ਉਹਨਾਂ ਵਿੱਚ ਮੁਕਾਬਲੇ ਦੀ ਭਾਵਨਾ ਵੀ ਆਉਂਦੀ ਹੈ ਜੋ ਵਿਦਿਆਰਥੀਆਂ ਨੂੰ ਅੱਗੇ ਵਧਣ ਵਿੱਚ ਸਹਾਈ ਹੁੰਦੀ ਹੈ।

ਡਾ.ਘੰਡ ਨੇ ਬੱਚਿਆਂ ਨੂੰ ਆਪਣੇ ਅਧਿਆਪਕਾਂ ਅਤੇ ਮਾਪਿਆਂ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ।ਉਹਨਾਂ ਇਹ ਵੀ ਦੱਸਿਆ ਕਿ ਸਾਫ ਸਫਾਈ ਤੋਂ ਇਲਾਵਾ ਜਿਲ੍ਹਾ ਪ੍ਰਸਾਸ਼ਨ ਅਤੇ ਮਗਨਰੇਗਾ ਦੇ ਸਹਿਯੋਗ ਨਾਲ ਵੱਖ ਵੱਖ ਪਿੰਡਾਂ ਵਿੱਚ ਵੀਹ ਹਜਾਰ ਦੇ ਕਰੀਬ ਪੌਦੇ ਵੀ ਲਗਾਏ ਗਏ।

ਇਸ ਮੌਕੇ ਹੋਰਨਾਂ ਤੋ ਇਲਾਵਾ ਪ੍ਰੋ.ਪਰਮਜੀਤ ਕੌਰ,ਪ੍ਰੋ.ਗੁਰਪ੍ਰੀਤ ਕੌਰ,ਪ੍ਰੋ.ਰਮਨਪ੍ਰੀਤ ਕੌਰ ਅਤੇ ਪ੍ਰੋ.ਕਾਜਲ ਵਲੰਟੀਅਰ ਮਨੋਜ ਕੁਮਾਰ ਨੇ ਸ਼ਮੂਲੀਅਤ ਕੀਤੀ।

