ਬਿਉੂਰੋ ਪ੍ਰਾਈਮ ਪੋਸਟ ਪੰਜਾਬ
ਹੁਸ਼ਿਆਰਪੁਰ, 17 ਅਗਸਤ 2022 : ਹੁਸ਼ਿਆਰਪੁਰ ਤੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਇਕ ਔਰਤ ਨੇ ਆਪਣੀ ਧੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਪੁੱਤ ਨੂੰ ਫਾਹਾ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਆਪ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਅਨੁਸਾਰ ਇੱਕ ਔਰਤ ਨੇ ਆਪਣੇ ਬੱਚਿਆਂ ਨੂੰ ਲੁਕਣਮੀਚੀ ਖੇਡਣ ਲਈ ਕਹਿ ਕੇ ਆਪਣੇ ਬੱਚਿਆਂ ਦੀਆਂ ਅੱਖਾਂ ਉਤੇ ਪੱਟੀ ਬੰਨ ਦਿੱਤੀ। ਇਸ ਤੋਂ ਬਾਅਦ ਔਰਤ ਨੇ ਦੂਜੀ ਕਲਾਸ ਵਿੱਚ ਪੜ੍ਹਦੀ 9 ਸਾਲਾ ਧੀ ਨੂੰ ਪਾਣੀ ਵਾਲੀ ਟੈਂਕੀ ਵਿੱਚ ਸੁੱਟ ਦਿੱਤਾ, ਜਿਸ ਕਾਰਨ ਉਸਦੀ ਮੌਤ ਹੋ ਗਈ। ਪੁੱਤ ਨੂੰ ਫਾਹਾ ਦੇ ਦਿੱਤਾ ਪ੍ਰੰਤੂ ਉਹ ਕਿਸੇ ਤਰ੍ਹਾਂ ਆਪਣਾ ਬਚਾਅ ਕਰਨ ਵਿੱਚ ਸਫਲ ਹੋ ਗਿਆ। ਖੁਦ ਔਰਤ ਨੇ ਖੁਦਕੁਸ਼ੀ ਕਰ ਲਈ। ਇਸ ਘਟਨਾ ਦਾ ਪਤਾ ਚਲਦਿਆਂ ਹੀ ਥਾਣਾ ਮਾਡਲ ਟਾਊਨ ਦੀ ਪੁਲਿਸ ਮੌਕੇ ਉਤੇ ਪਹੁੰਚ ਗਈ। ਮ੍ਰਿਤਕ ਮਹਿਲਾ ਦੇ ਪਤੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਸਦੀ ਪਤਨੀ ਵਿੱਦਿਆ ਮਾਨਸਿਕ ਤੌਰ ਉਤੇ ਪ੍ਰੇਸ਼ਾਨ ਰਹਿੰਦੀ ਸੀ। ਬੀਤੇ ਦਿਨੀਂ ਉਸ ਵੱਲੋਂ ਘਰ ਵਿੱਚ ਬੱਚਿਆਂ ਨੂੰ ਲੁਕਣਮੀਚੀ ਖੇਡਣ ਲਈ ਕਹਿ ਕੇ ਅੱਖਾਂ ਉਤੇ ਪੱਟੀ ਬੰਨ ਦਿੱਤੀ, ਜਿਸ ਤੋਂ ਬਾਅਦ ਉਸ ਨੇ ਪਹਿਲਾ ਕੁੜੀ ਨੂੰ ਪਾਣੀ ਵਾਲੀ ਟੈਂਕੀ ਵਿੱਚ ਸੁੱਟ ਦਿੱਤਾ, ਜਿਸ ਤੋਂ ਬਾਅਦ ਮੁੰਡੇ ਨੂੰ ਫਾਹਾ ਦੇ ਦਿੱਤਾ ਅਤੇ ਬਾਅਦ ਵਿੱਚ ਖੁਦ ਖੁਦਕੁਸ਼ੀ ਕਰ ਲਈ। ਮੁੰਡੇ ਨੇ ਆਪਣੇ ਆਪ ਕਿਸੇ ਤਰ੍ਹਾਂ ਬਚਾਅ ਕਰ ਲਿਆ, ਪਰ ਬੇਟੀ ਅਤੇ ਪਤਨੀ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਮਾਡਲ ਟਾਉਨ ਦੇ ਐਸਐਚਓ ਨੇ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਮਹਿਲਾ ਦੇ ਪਤੀ ਦੇ ਬਿਆਨਾਂ ਉਤੇ ਕਾਰਵਾਈ ਕੀਤੀ ਜਾ ਰਹੀ ਹੈ।

