ਸੰਜੀਵ ਜਿੰਦਲ / ਰੋਹਿਨ ਜਿੰਦਲ
ਮਾਨਸਾ, 11 ਅਗਸਤ ( ਪ੍ਰਾਈਮ ਪੋਸਟ ਪੰਜਾਬ ) : ਅਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਮੁੱਖ ਰੱਖਦੇ ਹੋਏ ਬਾਗਬਾਨੀ ਵਿਭਾਗ ਮਾਨਸਾ ਵੱਲੋਂ ਦਫ਼ਤਰ ਮੁੱਖ ਖੇਤੀਬਾੜੀ ਅਫ਼ਸਰ, ਮਾਨਸਾ ਵਿਖੇ ਐਗਰੀਕਲਚਰ ਇੰਨਫਰਾਸਟਰਕਟਰ ਫੰਡ ਸਕੀਮ ਅਧੀਨ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਜ਼ਿਲ੍ਹਾ ਮਾਨਸਾ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ ਬਾਗਬਾਨੀ ਬਲਬੀਰ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਬਾਗਬਾਨੀ ਵਿਭਾਗ ਪੰਜਾਬ ਨੂੰ ਏ.ਆਈ.ਐਫ ਸਕੀਮ ਦਾ ਨੋਡਲ ਏਜੰਸੀ ਵਜੋਂ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆਂ ਕਿ ਇਸ ਸਕੀਮ ਅਧੀਨ ਕਿਸਾਨਾਂ ਨੂੰ ਵੱਖ-ਵੱਖ ਪ੍ਰੋਜੈਕਟਾਂ ਤਹਿਤ ਭਾਰਤ ਸਰਕਾਰ ਦੁਆਰਾ ਵੱਧ ਤੋਂ ਵੱਧ 2 ਕਰੋੜ ਰੁਪਏ ਦੇ ਲੋਨ ਉੱਪਰ 3 ਪ੍ਰਤੀਸ਼ਤ ਵਿਆਜ ਦੀ ਛੋਟ ਅਗਲੇ 7 ਸਾਲਾਂ ਤੱਕ ਦਿੱਤੀ ਜਾਣੀ ਹੈ।
ਇਸ ਸਕੀਮ ਅਧੀਨ ਵਧੇਰੇ ਜਾਣਕਾਰੀ ਦਿੰਦਿਆਂ ਮਨੀ ਮਿੱਤਲ ਅਤੇ ਮਨਜੀਤ ਕੌਰ ਐਸੋਸੀਏਟਸ ਕੰਸਲਟੈਂਟ ਵੱਲੋਂ ਦੱਸਿਆ ਗਿਆ ਕਿ ਇਸ ਸਕੀਮ ਅਧੀਨ ਖੇਤੀਬਾੜੀ ਅਤੇ ਬਾਗਬਾਨੀ ਕਰ ਰਹੇ ਕਿਸਾਨ ਆਪਣੀ ਉਪਜ ਦੀ ਪ੍ਰਾਇਮਰੀ ਪ੍ਰੋਸੈਸਿੰਗ ਲਈ ਪੈਕ ਹਾਊਸ, ਗ੍ਰੇਡਿੰਗ ਯੂਨਿਟ, ਰਾਈਪਨਿੰਗ ਚੈਂਬਰ, ਗੋਦਾਮ, ਕੋਲਡ ਸਟੋਰ/ਕੋਲਡ ਰੂਮ, ਯੋਗ ਪ੍ਰੋਜੈਕਟਾਂ ਉੱਤੇ ਸੋਲਰ ਪੈਨਲ ਆਦਿ ਪ੍ਰੋਜੈਕਟਾਂ ਤਹਿਤ ਲਾਭ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆਂ ਕਿ ਇਸ ਸਕੀਮ ਤਹਿਤ ਕਿਸਾਨ ਲਾਭ ਪ੍ਰਾਪਤ ਕਰਦੇ ਹੋਏ ਪੋਸਟ ਹਾਰਵੇਸਟ ਦੌਰਾਨ ਹੋਣ ਵਾਲੇ ਨੁਕਸਾਨ ਨੂੰ ਘੱਟ ਕਰ ਸਕਦੇ ਹਨ ਅਤੇ ਆਪਣੀ ਆਮਦਨ ਵਿਚ ਵਾਧਾ ਕਰ ਸਕਦੇ ਹਨ।
ਬਾਗਬਾਨੀ ਵਿਭਾਗ ਦੀਆਂ ਸਕੀਮਾਂ ਬਾਰੇ ਪਰਮੇਸ਼ਰ ਕੁਮਾਰ ਬਾਗਬਾਨੀ ਵਿਕਾਸ ਅਫਸਰ ਵੱਲੋਂ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਹਰਮਨਪ੍ਰੀਤ ਸਿੰਘ ਪੰਨੂੰ ਬਾਗਬਾਨੀ ਵਿਕਾਸ ਅਫਸਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਆਏ ਹੋਏ ਅਧਿਕਾਰੀਆਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ। ਸਤੀਸ਼ ਕੁਮਾਰ ਮੈਨੇਜਰ ਨਾਬਾਰਡ ਬੈਂਕ ਅਤੇ ਇੰਦਰਜੀਤ ਸਿੰਘ ਮੈਨੇਜਰ ਪੰਜਾਬ ਗ੍ਰਾਮੀਣ ਬੈਂਕ ਵੱਲੋਂ ਕਿਸਾਨਾਂ ਨੂੰ ਏ.ਆਈ.ਐਫ. ਸਕੀਮ ਅਧੀਨ ਆਉਂਦੇ ਪ੍ਰੋਜੈਕਟਾਂ ਤੇ ਲੋਨ ਪ੍ਰਾਪਤ ਕਰਨ ਲਈ ਜਾਣਕਾਰੀ ਦਿੱਤੀ ਗਈ।

