ਲੰਪੀ ਸਕਿੰਨ ਬਿਮਾਰੀ ਨਾਲ ਮਰੇ ਪਸ਼ੂਆਂ ਨੂੰ ਜ਼ਮੀਨ ਵਿਚ ਡੂੰਘਾ ਟੋਆ ਪੁੱਟ ਕੇ ਦਬਾਇਆ ਜਾਵੇ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 11 ਅਗਸਤ 2022 : ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਟੀ. ਬੈਨਿਥ ਦੀ ਪ੍ਰਧਾਨਗੀ ਹੇਠ ਸਥਾਨਕ ਸਰਕਾਰੀ ਗਊਸ਼ਾਲਾ ਖੋਖਰ ਕਲਾਂ ਵਿਖੇ ਪਸ਼ੂਆਂ ਵਿਚ ਫੈਲੀ ਲੰਪੀ ਸਕਿੰਨ ਦੀ ਬਿਮਾਰੀ ਸਬੰਧੀ ਮੀਟਿੰਗ ਹੋਈ, ਜਿਸ ਵਿਚ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਦੇ ਨੁੰਮਾਇੰਦਿਆਂ ਅਤੇ ਸਰਪੰਚਾਂ ਨੇ ਭਾਗ ਲਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਸਮੂਹ ਪੰਚਾਇਤਾਂ ਨੂੰ ਕਿਹਾ ਇਹ ਬਿਮਾਰੀ ਫੈਲਾਉਣ ਵਾਲੇ ਕਾਰਕ ਜਿਵੇਂ ਕਿ ਮੱਛਰ, ਮੱਖੀ ਅਤੇ ਚਿੱਚੜ ਨੂੰ ਕੰਟਰੋਲ ਕਰਨ ਅਤੇ ਬਚਾਅ ਬਾਰੇ ਪਿੰਡਾਂ ਵਿਚ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਸ਼ੂਆਂ ਵਿਚ ਇਸ ਬਿਮਾਰੀ ਦੇ ਲੱਛਣ ਦਿਖਾਈ ਦੇਣ ’ਤੇ ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਸਮੂਹ ਪੰਚਾਇਤਾਂ ਨੂੰ ਆਦੇਸ਼ ਦਿੱਤੇ ਕਿ ਲੰਪੀ ਸਕਿੰਨ ਬਿਮਾਰੀ ਨਾਲ ਮਰੇ ਪਸ਼ੂਆਂ ਨੂੰ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਮੀਨ ਵਿਚ ਟੋਆ ਪੁੱਟ ਕੇ ਦੱਬਿਆ ਜਾਵੇ।
ਸਹਾਇਕ ਨਿਰਦੇਸ਼ਕ ਡਾ. ਕਮਲ ਗੁਪਤਾ ਨੇ ਹਾਜ਼ਰੀਨ ਨੂੰ ਲੰਪੀ ਸਕਿੰਨ ਬਿਮਾਰੀ ਦੇ ਸਬੰਧ ਵਿਚ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਵਿਭਾਗ ਦੀਆਂ ਸਮੂਹ ਸੰਸਥਾਵਾਂ ਵਿਚ ਇਸ ਬਿਮਾਰੀ ਤੋਂ ਬਚਾਓ ਲਈ ਮੁਫ਼ਤ ਵੈਕਸੀਨ ਲਗਾਈ ਜਾ ਰਹੀ ਹੈ।

