ਬਿਊਰੋ, ਪ੍ਰਾਈਮ ਪੋਸਟ ਪੰਜਾਬ
ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਪ੍ਰਸਿੱਧ ਖਾਟੂ ਸ਼ਿਆਮ ਮੰਦਰ ਵਿੱਚ ਅੱਜ ਸਵੇਰੇ ਦਰਵਾਜ਼ੇ ਖੁੱਲ੍ਹਣ ਤੋਂ ਪਹਿਲਾਂ ਹੀ ਭਗਦੜ ਮੱਚ ਗਈ। ਇਸ ਭਗਦੜ ਵਿੱਚ ਤਿੰਨ ਮਹਿਲਾ ਸ਼ਰਧਾਲੂਆਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਜ਼ਖ਼ਮੀ ਹੋ ਗਏ। ਮੌਕੇ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ਅਤੇ ਮੰਦਰ ਕਮੇਟੀ ਦੇ ਪਹਿਰੇਦਾਰਾਂ ਨੇ ਪ੍ਰਬੰਧ ਸੰਭਾਲੇ ਅਤੇ ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ।
ਫਿਲਹਾਲ ਖਾਟੂ ਸ਼ਿਆਮ ਥਾਣਾ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸਵੇਰੇ 5 ਵਜੇ ਜਿਵੇਂ ਹੀ ਮੰਦਰ ਦਾ ਪ੍ਰਵੇਸ਼ ਦੁਆਰ ਖੁੱਲ੍ਹਿਆ ਤਾਂ ਭੀੜ ਬੇਕਾਬੂ ਹੋ ਗਈ ਅਤੇ ਭਗਦੜ ਮਚ ਗਈ। ਭਗਦੜ ਦੌਰਾਨ ਕਈ ਸ਼ਰਧਾਲੂ ਹੇਠਾਂ ਡਿੱਗ ਗਏ, ਜਿਸ ਕਾਰਨ ਕਈ ਲੋਕ ਜ਼ਖਮੀ ਹੋ ਗਏ।
ਸੁਰੱਖਿਆ ਪ੍ਰਬੰਧਾਂ ਵਿੱਚ ਲੱਗੇ ਮੁਲਾਜ਼ਮਾਂ ਨੇ ਤੁਰੰਤ ਮੋਰਚਾ ਸੰਭਾਲਿਆ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਰੈਫ਼ਰ ਕਰ ਦਿੱਤਾ, ਜਿੱਥੇ ਤਿੰਨ ਮਹਿਲਾ ਸ਼ਰਧਾਲੂਆਂ ਦੀ ਮੌਤ ਹੋ ਗਈ। ਦੱਸ ਦਈਏ ਕਿ ਖਾਟੁਸ਼ਿਆਮ ਜੀ ‘ਚ ਹਰ ਮਹੀਨੇ ਲੱਗਣ ਵਾਲੇ ਮਾਸਿਕ ਮੇਲੇ ‘ਚ ਸ਼ਰਧਾਲੂਆਂ ਦੀ ਗਿਣਤੀ ਲੱਖਾਂ ‘ਚ ਹੁੰਦੀ ਹੈ।

