ਬੈਰੀਅਰ ਜ਼ਬਰਦਸਤੀ ਖੋਲ੍ਹ ਕੇ 10 ਮਿੰਟ ਮੁਫ਼ਤ ‘ਚ ਲੰਘਾਈਆਂ ਗੱਡੀਆਂ
ਬਿਊਰੋ, ਪ੍ਰਾਈਮ ਪੋਸਟ ਪੰਜਾਬ
ਚੰਡੀਗੜ੍ਹ, 8 ਅਗਸਤ 2022 : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਆਮ ਹੀ ਇਹ ਗੱਲ ਕਹੀ ਜਾਂਦੀ ਹੈ ਕਿ ਅਸੀਂ ਪੰਜਾਬ ਵਿੱਚੋਂ VIP ਕਲਚਰ ਖ਼ਤਮ ਕਰ ਦਿੱਤਾ ਹੈ ਪਰ ਅਸਲ ਵਿੱਚ ਇਹ ਨਹੀਂ ਹੋ ਸਕਿਆ । ਇਸੇ ਤਰ੍ਹਾਂ ਦਾ ਮਾਮਲਾ ਦਸੂਹਾ ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਦੀ ਧੱਕੇਸ਼ਾਹੀ ਦਾ ਸਾਹਮਣੇ ਆਇਆ ਹੈ ।
ਦਸੂਹਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਨੂੰ ਹੁਸ਼ਿਆਰਪੁਰ ਦੇ ਚੌਲਾਂਗ ਟੋਲ ਪਲਾਜ਼ਾ ‘ਤੇ VIP ਲੇਨ ਨਾ ਖੁੱਲ੍ਹੀ ਹੋਣ ਕਾਰਨ 1 ਮਿੰਟ ਤੱਕ ਇੰਤਜ਼ਾਰ ਕਰਨਾ ਪਿਆ, ਫਿਰ ਉਹ ਕਾਰ ਤੋਂ ਹੇਠਾਂ ਉਤਰ ਗਏ। ਟੋਲ ਕਰਮਚਾਰੀਆਂ ਨਾਲ ਬਹਿਸ ਤੋਂ ਬਾਅਦ ਬੈਰੀਅਰ ਜ਼ਬਰਦਸਤੀ ਖੁਲਵ੍ਹਾਇਆ। ਇਸ ਤੋਂ ਬਾਅਦ ਕਰੀਬ 10 ਮਿੰਟ ਤੱਕ ਸਾਰੀਆਂ ਗੱਡੀਆਂ ਨੂੰ ਮੁਫਤ ‘ਚ ਲੰਘਾਇਆ ਗਿਆ। ਇਹ ਸਾਰਾ ਮਾਮਲਾ ਟੋਲ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋ ਗਿਆ। ਟੋਲ ਕਰਮਚਾਰੀਆਂ ਨੇ ਵਿਧਾਇਕ ‘ਤੇ ਗੁੰਡਾਗਰਦੀ ਦੇ ਦੋਸ਼ ਲਾਏ ਹਨ।
ਇਸ ਦੇ ਨਾਲ ਹੀ ਵਿਧਾਇਕ ਦਾ ਕਹਿਣਾ ਹੈ ਕਿ VIP ਲੇਨ ਨੂੰ ਖੋਲ੍ਹਣ ਲਈ ਉੱਥੇ ਕੋਈ ਕਰਮਚਾਰੀ ਨਹੀਂ ਸੀ। ਇਸੇ ਲਈ ਅਜਿਹਾ ਕੀਤਾ। ਚੌਲਾਂਗ ਟੋਲ ਪਲਾਜ਼ਾ ਦੇ ਮੈਨੇਜਰ ਮੁਬਾਰਕ ਅਲੀ ਨੇ ਦੱਸਿਆ ਕਿ ਡਿਊਟੀ ’ਤੇ ਮੌਜੂਦ ਟੋਲ ਕਰਮਚਾਰੀ ਹਰਦੀਪ ਸਿੰਘ ਨਾਲ ਬਦਸਲੂਕੀ ਕੀਤੀ ਗਈ। ਵਿਧਾਇਕ ਦੇ ਨਾਲ ਆਏ ਗੰਨਮੈਨਾਂ ਅਤੇ ਸਾਥੀਆਂ ਨੇ ਬੂਥਾਂ ‘ਤੇ ਕਬਜ਼ਾ ਕਰ ਲਿਆ ਅਤੇ ਮੁਫਤ ‘ਚ ਗੱਡੀਆਂ ਲੰਘਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਟੋਲ ਦੇ ਬੂਮ ਬੈਰੀਅਰ ਨੂੰ ਵੀ ਖੋਲ੍ਹ ਦਿੱਤਾ। ਇਸ ਸਬੰਧੀ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ।ਵਿਧਾਇਕ ਕਰਮਵੀਰ ਘੁੰਮਣ ਨੇ ਕਿਹਾ ਕਿ ਟੋਲ ਮੁਲਾਜ਼ਮ ਮਨਮਾਨੀਆਂ ਕਰਦੇ ਹਨ। ਉਹ VIP ਲੇਨ ਨਹੀਂ ਖੋਲ੍ਹਦੇ।ਪਹਿਲਾਂ ਵੀ ਕਈ ਵਾਰ, ਮੇਰੇ ਕਰਮਚਾਰੀ ਹੀ ਇਸਨੂੰ ਖੋਲ੍ਹਦੇ ਹਨ। ਜੇਕਰ ਮੁਲਾਜ਼ਮ ਲੇਨ ਨਹੀਂ ਖੋਲ੍ਹਣਗੇ ਤਾਂ ਕੋਈ ਵੀ ਹੋਵੇ ਅਜਿਹਾ ਹੀ ਕਰੇਗਾ। ਵਿਧਾਇਕ ਹੋਣ ਕਾਰਨ ਮੇਰੇ ਨਾਂ ਦੀ ਚਰਚਾ ਹੋ ਰਹੀ ਹੈ।

