ਬਿਊਰੋ, ਪ੍ਰਾਈਮ ਪੋਸਟ ਪੰਜਾਬ
ਬਠਿੰਡਾ : ਪੰਜਾਬ ਸਰਕਾਰ ਬੇਸ਼ੱਕ ਦਾਅਵੇ ਕਰ ਰਹੀ ਹੈ ਕਿ ਅਸੀਂ ਪੰਜਾਬ ਨੂੰ ਨਸ਼ਾਮੁਕਤ ਕਰ ਦਿੱਤਾ ਹੈ ਪਰ ਕਹਿਣੀ ਤੇ ਕਰਨੀ ਵਿੱਚ ਬੜਾ ਅੰਤਰ ਹੈ । ਹਰ ਰੋਜ਼ ਮਾਵਾਂ ਦੇ ਪੁੱਤ ਨਸ਼ੇ ਦੀ ਭੇਟ ਚੜ੍ਹ ਰਹੇ ਨੇ ਇਸੇ ਤਰ੍ਹਾਂ ਦਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ । ਬਠਿੰਡਾ ਦੇ ਹੋਟਲ ਵਿੱਚ ਫਰੀਦਕੋਟ ਦੇ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ।
ਐਤਵਾਰ ਨੂੰ ਬਠਿੰਡਾ ਦੇ ਅਮਰੀਕ ਸਿੰਘ ਰੋਡ ‘ਤੇ ਸਥਿਤ ਹੋਟਲ ਐਮਸਨ ਪ੍ਰਾਈਡ ‘ਚ ਰੁਕਣ ਲਈ ਆਏ 25 ਸਾਲਾ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ। ਨੌਜਵਾਨ ਦੀ ਲਾਸ਼ ਇਕ ਹੋਟਲ ਦੇ ਟਾਇਲਟ ‘ਚੋਂ ਬਰਾਮਦ ਕੀਤੀ ਗਈ ਸੀ, ਜਦਕਿ ਉਸੇ ਟਾਇਲਟ ਸੀਟ ‘ਚੋਂ ਚਿੱਟੇ ਨਾਲ ਭਰਿਆ ਇੱਕ ਟੀਕਾ ਵੀ ਮਿਲਿਆ ਸੀ।
ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਨੌਜਵਾਨ ਵੱਲੋਂ ਨਸ਼ੇ ਦਾ ਟੀਕਾ ਲਾਉਣ ਤੋਂ ਬਾਅਦ ਉਸ ਦੀ ਹਾਲਤ ਵਿਗੜ ਗਈ ਅਤੇ ਉਹ ਬੇਹੋਸ਼ ਹੋ ਕੇ ਟਾਇਲਟ ਵਿੱਚ ਡਿੱਗ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ 25 ਸਾਲਾ ਅਰਸ਼ਦੀਪ ਸਿੰਘ ਵਾਸੀ ਬੱਸ ਸਟੈਂਡ ਸੂਰਧੂਰੀ ਕਾਸਮ, ਜ਼ਿਲ੍ਹਾ ਫਰੀਦਕੋਟ ਵਜੋਂ ਹੋਈ ਹੈ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਥਾਣਾ ਕੋਤਵਾਲੀ ਦੀ ਪੁਲਿਸ ਨੂੰ ਦਿੱਤੀ ਗਈ।
ਪੁਲਿਸ ਨੇ ਮੌਕੇ ਦਾ ਜਾਇਜ਼ਾ ਲੈਣ ਤੋਂ ਬਾਅਦ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰਾਂ ਦੀ ਮਦਦ ਨਾਲ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ। ਦੱਸਿਆ ਜਾ ਰਿਹਾ ਹੈ ਕਿ ਅਰਸ਼ਦੀਪ ਸਿੰਘ ਸ਼ਨੀਵਾਰ ਰਾਤ ਹੋਟਲ ‘ਚ ਰੁਕਣ ਲਈ ਆਇਆ ਸੀ।
ਸਵੇਰੇ ਜਦੋਂ ਹੋਟਲ ਦੇ ਕਰਮਚਾਰੀਆਂ ਨੇ ਟਾਇਲਟ ਦੀ ਸਫਾਈ ਲਈ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਬੰਦ ਹੋਣ ਕਾਰਨ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਕਾਫੀ ਦੇਰ ਤੱਕ ਦਰਵਾਜ਼ਾ ਖੜਕਾਉਣ ਤੋਂ ਬਾਅਦ ਹੋਟਲ ਦੇ ਸਟਾਫ਼ ਨੇ ਦਰਵਾਜ਼ਾ ਤੋੜ ਕੇ ਟਾਇਲਟ ਖੋਲ੍ਹਿਆ ਤਾਂ ਅਰਸ਼ਦੀਪ ਸਿੰਘ ਬੇਹੋਸ਼ ਪਿਆ ਮਿਲਿਆ, ਜਿਸ ਤੋਂ ਬਾਅਦ ਹੋਟਲ ਸਟਾਫ਼ ਨੇ ਇਸ ਦੀ ਸੂਚਨਾ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਨੂੰ ਦਿੱਤੀ।

