ਬਿਊਰੋ , ਪ੍ਰਾਈਮ ਪੋਸਟ ਪੰਜਾਬ
ਬਠਿੰਡਾ : ਰਾਮਪੁਰਾ ਫੂਲ ਤੋਂ ਆਪ ਵਿਧਾਇਕ ਬਲਕਾਰ ਸਿੱਧੂ ਨੇ ਥਾਣਾ ਦਿਆਲਪੁਰਾ ਭਾਈਕਾ ਦੇ ਏਐੱਸਆਈ ਜਗਤਾਰ ਸਿੰਘ ਨੂੰ 5000 ਰੁਪਏ ਰਿਸ਼ਵਤ ਲੈਣ ਦੇ ਮਾਮਲੇ ’ਚ ਰੰਗੇ ਹੱਥੀਂ ਫੜਿਆ ਹੈ।ਬਲਕਾਰ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਚੌਕੀ ਦਿਆਲਪੁਰਾ ਵਿੱਚ ਤਾਇਨਾਤ ਏਐਸਆਈ ਜਗਤਾਰ ਸਿੰਘ ਪਿਛਲੇ ਕੁਝ ਸਮੇਂ ਤੋਂ ਆਪਣੀ ਪੁਲਿਸ ਚੌਕੀ ਅਧੀਨ ਆਉਂਦੇ ਪਿੰਡ ਦੇ ਲੋਕਾਂ ਨੂੰ ਵੱਖ-ਵੱਖ ਕੇਸ ਦਰਜ ਕਰਨ ਦੀ ਧਮਕੀ ਦੇ ਕੇ ਰਿਸ਼ਵਤ ਲੈ ਰਿਹਾ ਸੀ।
ਵਿਧਾਇਕ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਮੁਲਾਜ਼ਮ ਖਿਲਾਫ਼ ਕਈ ਦਿਨਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ। ਏ.ਐਸ.ਆਈ ਨੇ ਪਹਿਲਾਂ ਪੁਲਿਸ ਚੌਕੀ ਅਧੀਨ ਆਉਂਦੇ ਪਿੰਡ ਦੇ ਇੱਕ ਨੌਜਵਾਨ ਤੋਂ ਲਾਹਣ ਦਾ ਮਾਮਲਾ ਦਰਜ ਕਰਨ ਦੀ ਧਮਕੀ ਦੇ ਕੇ 20 ਹਜ਼ਾਰ ਰੁਪਏ ਦੀ ਮੰਗ ਕੀਤੀ। ਜਦੋਂ ਨੌਜਵਾਨ ਨੇ ਇਨਕਾਰ ਕਰ ਦਿੱਤਾ ਤਾਂ ਮਾਮਲਾ ਪੰਜ ਹਜ਼ਾਰ ਰੁਪਏ ਵਿੱਚ ਤੈਅ ਹੋ ਗਿਆ। ਐਤਵਾਰ ਨੂੰ ਸ਼ਿਕਾਇਤਕਰਤਾ ਦੇ ਕਹਿਣ ’ਤੇ ਥਾਣਾ ਦਿਆਲਪੁਰਾ ਭਾਈਕਾ ਵਿਖੇ ਉਸ ਨੂੰ ਸ਼ਰਾਬ ਨੂੰ ਲਾਹਨ ਵਜੋਂ ਦਰਜ ਕਰਨ ਬਦਲੇ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ।
‘ਆਪ’ ਵਿਧਾਇਕ ਨੇ ਦੱਸਿਆ ਕਿ ਮੈਂ ਪਹਿਲਾਂ 5000 ਰੁਪਏ ਦੇ ਨੋਟਾਂ ਦੀ ਵੀਡੀਓ ਬਣਾ ਕੇ ਆਪਣੇ ਕੋਲ ਰੱਖ ਲਈ ਅਤੇ ਬਾਅਦ ‘ਚ ਨੌਜਵਾਨਾਂ ਅਤੇ ਮੇਰੀ ਟੀਮ ਦੇ ਮੈਂਬਰਾਂ ਨੂੰ ਏ.ਐੱਸ.ਆਈ. ਕੋਲ ਭੇਜਿਆ। ਜਦੋਂ ਏ.ਐਸ.ਆਈ.ਜਗਤਾਰ ਸਿੰਘ ਨੇ ਉਕਤ ਨੌਜਵਾਨ ਤੋਂ 5000 ਰੁਪਏ ਰਿਸ਼ਵਤ ਲੈ ਕੇ ਆਪਣੀ ਪੇਂਟ ਦੀ ਜੇਬ ‘ਚ ਪਾਈ ਤਾਂ ਉਹ ਵੀ ਮੌਕੇ ‘ਤੇ ਪਹੁੰਚ ਗਏ ਅਤੇ ਏ.ਐਸ.ਆਈ ਦੀ ਜੇਬ ‘ਚੋਂ ਰਿਸ਼ਵਤ ਦੇ ਨੋਟ ਕੱਢੇ।
‘ਆਪ’ ਵਿਧਾਇਕ ਨੇ ਕਿਹਾ ਕਿ ਇੱਕ ਦਿਨ ਪਹਿਲਾਂ ਐਸਐਸਪੀ ਨੂੰ ਲਿਖਤੀ ਤੌਰ ’ਤੇ ਭੇਜਿਆ ਗਿਆ ਸੀ ਕਿ ਉਕਤ ਏਐਸਆਈ ਨੂੰ ਪੁਲਿਸ ਚੌਕੀ ਦਿਆਲਪੁਰਾ ਵਿੱਚ ਬਦਲ ਦਿੱਤਾ ਜਾਵੇ ਕਿਉਂਕਿ ਇਹ ਲੋਕਾਂ ਤੋਂ ਰਿਸ਼ਵਤ ਲੈ ਰਿਹਾ ਹੈ। ਪਰ ਫਿਰ ਵੀ ਐਸਐਸਪੀ ਨੇ ਉਸ ਨੂੰ ਨਹੀਂ ਬਦਲਿਆ ਅਤੇ ਅੱਜ ਫਿਰ ਏਐਸਆਈ ਇੱਕ ਨੌਜਵਾਨ ਤੋਂ ਰਿਸ਼ਵਤ ਲੈ ਰਿਹਾ ਸੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸਮੂਹ ਪੁਲਿਸ ਮੁਲਾਜ਼ਮਾਂ ਨੂੰ ਇਸ ਕਾਰਵਾਈ ਰਾਹੀਂ ਸੁਚੇਤ ਕੀਤਾ ਗਿਆ ਹੈ, ਕਿ ਉਹ ਬਾਜ਼ ਆ ਜਾਣ। ਉਨ੍ਹਾਂ ਕਿਹਾ ਕਿ ਹਲਕੇ ’ਚ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਹਾਲਤ ’ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

