ਬਿਊਰੋ, ਪ੍ਰਾਈਮ ਪੋਸਟ ਪੰਜਾਬ
ਲੁਧਿਆਣਾ– ਪੰਜਾਬ ਵਿੱਚ ਚੋਰੀਆਂ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਆਮ ਹੀ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ, ਜਿਨ੍ਹਾਂ ‘ਤੇ ਨੱਥ ਪਾਉਣ ਲਈ ਪੰਜਾਬ ਪੁਲਿਸ ਵੀ ਐਕਟਿਵ ਹੋ ਗਈ ਹੈ । ਇਸ ਵਿਚਾਲੇ ਹੁਣ ਇਕ ਹੋਰ ਨਵੀਂ ਗੈਂਗ ਦੇ ਚਰਚੇ ਹੋਣੇ ਸ਼ੁਰੂ ਹੋ ਗਏ ਹਨ, ਜੋ ਸੜਕਾਂ ‘ਤੇ ਰਾਤ ਦੇ ਹਨ੍ਹੇਰੇ ਦਾ ਫਾਇਦਾ ਚੁੱਕਦੇ ਹੋਏ ਹਥਿਆਰ ਫੜੀ ਘੁੰਮਦੇ ਵੇਖੇ ਗਏ ਹਨ।
ਇਨ੍ਹਾਂ ਗੈਂਗ ਮੈਂਬਰਾਂ ਦੀਆਂ ਤਸਵੀਰਾਂ ਰਾਹ ‘ਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਵੀ ਹੋਈਆਂ ਹਨ, ਜਿਸ ਦੀ ਪੰਜਾਬ ਪੁਲਿਸ ਵਲੋਂ ਘੋਖ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਇਨ੍ਹਾਂ ਨੂੰ ਨਕੇਲ ਕਸੀ ਜਾ ਸਕੇ। ਕੁਝ ਸਮਾਂ ਪਹਿਲਾਂ ਕਾਲਾ ਕੱਛਾ ਗਿਰੋਹ ਦਾ ਖੌਫ ਸੀ, ਜਿਸ ਮਗਰੋਂ ਹੁਣ ਲੁਧਿਆਣਾ ‘ਚ ਚੱਡੀ ਗੈਂਗ ਐਕਟਿਵ ਹੋ ਗਿਆ ਹੈ। ਜਿਹੜਾ ਥਾਣਾ ਸਦਰ ਦੇ ਇਲਾਕੇ ‘ਚ ਥਰੀਕੇ ਫਾਟਕ ਤੋਂ ਝੰਡੇ ਫਾਟਕ ਦੇ ਵਿਚਾਲੇ ਵਾਰਦਾਤਾਂ ਕਰ ਰਿਹਾ ਹੈ। ਇਸ ਗਿਰੋਹ ਦੇ ਮੈਂਬਰ ਬਿਨਾਂ ਕੱਪੜਿਆਂ ਦੇ ਘੁੰਮਦੇ ਹਨ ਅਤੇ ਹੱਥਾਂ ‘ਚ ਤੇਜ਼ਧਾਰ ਹਥਿਆਰ ਹੁੰਦੇ ਹਨ। ਜਿਸ ਬਾਰੇ ਇੱਕ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆਈ ਹੈ।
ਹਾਲਾਂਕਿ ਇਸ ਬਾਰੇ ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਦਾ ਕਹਿਣਾ ਹੈ ਕਿ ਗਿਰੋਹ ਵੱਲੋਂ ਤਿੰਨ ਵਾਰਦਾਤਾਂ ਨੂੰ ਅੰਜ਼ਾਮ ਦੇਣ ਦੀ ਗੱਲ ਸਾਹਮਣੇ ਆਈ ਹੈ। ਜਿਸ ‘ਤੇ ਜਾਂਚ ਜਾਰੀ ਹੈ। ਉਨ੍ਹਾਂ ਨੇ ਖਦਸ਼ਾ ਪ੍ਰਗਟਾਇਆ ਕਿ ਗਿਰੋਹ ਦੇ ਮੈਂਬਰ ਦੂਸਰੇ ਸੂਬਿਆਂ ਦੇ ਹਨ ਅਤੇ ਹੁਣ ਪੰਜਾਬ ਵਿੱਚ ਮੌਜੂਦ ਨਹੀਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਲੋਕਾਂ ਨੂੰ ਵੀ ਆਪਣੇ ਕੀਮਤੀ ਚੀਜ਼ਾਂ ਨੂੰ ਸੰਭਾਲਣ ਦੀ ਅਪੀਲ ਕੀਤੀ ਹੈ। ਸੂਤਰਾਂ ਮੁਤਾਬਕ ਗਿਰੋਹ ਦੇ ਮੈਂਬਰ ਰਾਤ ਸਵਾ ਇੱਕ ਵਜੇ ਤੋਂ ਸਾਢੇ ਤਿੰਨ ਵਜੇ ਤੱਕ ਵਾਰਦਾਤਾਂ ਕਰਦੇ ਹਨ, ਜਦੋਂ ਲੋਕ ਡੂੰਘੀ ਨੀਂਦ ਸੁੱਤੇ ਹੁੰਦੇ ਹਨ। ਇਨ੍ਹਾਂ ਵੱਲੋਂ ਬੀਤੇ ਦਿਨੀਂ ਇੱਕ ਪੁਲਿਸ ਅਫਸਰ ਦੇ ਘਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ।

