ਬਿਊਰੋ, ਪ੍ਰਾਈਮ ਪੋਸਟ ਪੰਜਾਬ
ਜਲੰਧਰ 29 ਜੁਲਾਈ 2022 : ਸੀਪੀਆਈ ( ਐਮ ) ਜ਼ਿਲ੍ਹਾ ਕਮੇਟੀ ਜਲੰਧਰ – ਕਪੂਰਥਲਾ ਦੇ ਸਕੱਤਰ ਕਾਮਰੇਡ ਲਹਿੰਬਰ ਸਿੰਘ ਤੱਗੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਰਿੰਦਰ ਖੀਵਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ ਹੈ । ਕਾਮਰੇਡ ਤੱਗੜ ਵੱਲੋਂ ਇੱਥੋਂ ਜਾਰੀ ਕੀਤੇ ਗਏ ਲਿਖਤੀ ਪ੍ਰੈਸ ਨੋਟ ਵਿਚ ਦੱਸਿਆ ਗਿਆ ਕਿ ਸੁਰਿੰਦਰ ਖੀਵਾ ਪਿਛਲੇ ਦੋ ਸਾਲਾਂ ਤੋਂ ਨਾਪ੍ਰਵਾਨ ਕਰਨਯੋਗ , ਪਾਰਟੀ ਵਿਰੋਧੀ ਅਤੇ ਧੜੇਬੰਦਕ ਕਾਰਵਾਈਆਂ ਵਿਚ ਰੁੱਝਿਆ ਹੋਇਆ ਸੀ । ਪਾਰਟੀ ਵਲੋਂ ਉਸ ਨੂੰ ਵਾਰ ਵਾਰ ਆਪਣੇ ਆਪ ਨੂੰ ਅਤੇ ਆਪਣੀਆਂ ਕਾਰਵਾਈਆਂ ਨੂੰ ਸੁਧਾਰਨ ਅਤੇ ਗਲਤ ਕਾਰਵਾਈਆਂ ਨੂੰ ਛੱਡਣ ਲਈ ਕਿਹਾ ਅਤੇ ਸਮਝਾਇਆ ਗਿਆ । ਪਾਰਟੀ ਨੇ ਨਰਮ ਵਤੀਰਾ ਅਪਣਾਉਂਦੇ ਹੋਏ ਉਸ ਨੂੰ ਆਪਣੇ ਆਪ ਨੂੰ ਠੀਕ ਕਰਨ ਲਈ ਖੁੱਲ੍ਹਾ ਅਤੇ ਲੰਬਾ ਸਮਾਂ ਦਿੱਤਾ ।
ਕਾਮਰੇਡ ਤੱਗੜ ਨੇ ਦੱਸਿਆ ਕਿ ਹੁਣ ਤਾਜ਼ਾ ਘਟਨਾਕ੍ਰਮ ਵਿਚ ਵੀ ਸੁਰਿੰਦਰ ਖੀਵਾ ਨੇ ਖ਼ੁਦ ਹੀ ਆਪਣੇ ਆਪ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਲਿਆ ਹੈ । ਉਸ ਨੇ 27 ਜੁਲਾਈ ਨੂੰ ਲੁਧਿਆਣਾ ਵਿਚ ਹੋਏ ਇਕ ਅਜਿਹੇ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਜਿਸ ਨੂੰ ਪਹਿਲਾਂ ਹੀ ਲੰਮੇ ਸਮੇਂ ਤੋਂ ਸੀ.ਪੀ.ਆਈ. ( ਐਮ. ) ਵਿਚੋਂ ਖਾਰਜ ਕੀਤੇ ਜਾ ਚੁੱਕੇ ਕੁਝ ਅਨਸਰਾਂ ਵੱਲੋਂ ਆਯੋਜਿਤ ਕੀਤਾ ਗਿਆ ਸੀ ਅਤੇ ਜਿਸ ਦਾ ਉਦੇਸ਼ ਆਮ ਜਮਹੂਰੀ ਲਹਿਰ ਖ਼ਾਸ ਕਰਕੇ ਕਿਸਾਨ ਲਹਿਰ ਵਿੱਚ ਫੁੱਟ ਪਾਉਣਾ ਸੀ । ਕਾਮਰੇਡ ਤੱਗੜ ਨੇ ਦੱਸਿਆ ਕਿ ਉਪਰੋਕਤ ਕਾਰਨਾਂ ਕਰਕੇ ਸੁਰਿੰਦਰ ਖੀਵੇ ਨੂੰ ਪਾਰਟੀ ਦੀ ਜ਼ਿਲ੍ਹਾ ਕਮੇਟੀ ਦੀ ਆਨਲਾਈਨ ਮੀਟਿੰਗ ਕਰਕੇ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ ਹੈ , ਜਿਸ ਦੀ ਪ੍ਰਧਾਨਗੀ ਐਕਟਿੰਗ ਜ਼ਿਲ੍ਹਾ ਸਕੱਤਰ ਕਾਮਰੇਡ ਸੁਖਪ੍ਰੀਤ ਸਿੰਘ ਜੌਹਲ ਵੱਲੋਂ ਕੀਤੀ ਗਈ ।

