ਬਿਊਰੋ, ਪ੍ਰਾਈਮ ਪੋਸਟ ਪੰਜਾਬ
ਟਾਂਡਾ– ਟਾਂਡਾ ਵਿਖੇ ਟਰੇਨ ਦੀ ਲਪੇਟ ਵਿਚ ਆਉਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਜੰਮੂ-ਦਿੱਲੀ ਰੇਲਵੇ ਮਾਰਗ ‘ਤੇ ਅੱਜ ਸਵੇਰੇ ਪਿੰਡ ਖੱਖਾਂ ਦੇ ਬੰਦ ਪਏ ਫਾਟਕ ਨੂੰ ਕਰਾਸ ਕਰਦੇ ਸਮੇਂ ਇਕ ਸਕੂਟੀ ਸਵਾਰ ਵਿਅਕਤੀ ਦੀ ਰੇਲ ਗੱਡੀ ਦੀ ਚਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਘਟਨਾ ਉਸ ਸਮੇਂ ਵਾਪਰੀ ਜਦੋਂ ਜੰਮੂ ਤੋਂ ਜਲੰਧਰ ਵੱਲ ਜਾ ਰਹੀ ਟਰੇਨ ਵਿਚ ਉਕਤ ਵਿਅਕਤੀ ਸਵੇਰੇ ਕਰੀਬ 9 ਵਜੇ ਧੀ ਸਮੇਤ ਟਕਰਾ ਗਿਆ। ਇਸ ਹਾਦਸੇ ਵਿਚ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ। ਘਟਨਾ ਵਾਲੇ ਸਥਾਨ ‘ਤੇ ਜੀ. ਆਰ. ਪੀ. ਪੁਲਿਸ ਨੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਪਿੰਡ ਖੁਣਖੁਣ ਕਲਾਂ ਵਜੋਂ ਹੋਈ ਹੈ।
ਇਸੇ ਤਰ੍ਹਾਂ ਇਕ ਹੋਰ ਟਰੇਨ ਹਾਦਸੇ ਵਿਚ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਦਾਰਾਪੁਰ ਫਾਟਕ ਨੇੜੇ ਵਿਅਕਤੀ ਦੀ ਟਰੇਨ ਦੀ ਲਪੇਟ ਵਿਚ ਆਉਣ ਕਰਕੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗਗਨਦੀਪ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਵਾਰਡ ਨੰਬਰ-4 ਦਾਰਾਪੁਰ ਟਾਂਡਾ ਵਜੋਂ ਹੋਈ ਹੈ। ਰੇਲਵੇ ਪੁਲਸ ਨੇ ਦੋਵੇਂ ਹੀ ਹਾਦਸਿਆਂ ਨਾਲ ਸੰਬੰਧਤ ਕਾਰਵਾਈ ਕਰਨ ਉਪਰੰਤ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਉਪਰੰਤ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀਆਂ ਹਨ।











