ਸੁੱਚਾ ਸੂਰਮਾ ਗੀਤ ਨਾਲ ਸਰੋਤਿਆਂ ਵਿਚ ਭਰਿਆ ਜੋਸ਼
ਸੰਜੀਵ ਜਿੰਦਲ
ਮਾਨਸਾ, 16 ਮਾਰਚ : ਸਰਸ ਮੇਲੇ ਦੀ ਤੀਜੀ ਸ਼ਾਮ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਸਮਾਗ਼ਮ ਦੌਰਾਨ ਹਜ਼ਾਰਾਂ ਦਰਸ਼ਕਾਂ ਨੇ ਠੰਡੀਆਂ ਤੇਜ਼ ਹਵਾਵਾਂ ਦੇ ਬਾਵਜੂਦ ਪ੍ਰਸਿੱਧ ਗਾਇਕ ਕੁਲਵਿੰਦਰ ਬਿੱਲਾ ਦੇ ਗੀਤਾਂ ਦਾ ਭਰਪੂਰ ਆਨੰਦ ਮਾਣਿਆ।
ਇਸ ਮੌਕੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਡਿਪਟੀ ਕਮਿਸ਼ਨਰ ਨਵਜੋਤ ਕੌਰ ਅਤੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਅਜਿਹੇ ਮੇਲੇ ਸਾਡੀ ਅਮੀਰ ਵਿਰਾਸਤ ਅਤੇ ਕਲਾ ਨੂੰ ਜਿਊਂਦਾ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕਾਂ ਦਾ ਵੱਡਾ ਇਕੱਠ ਸਾਬਤ ਕਰਦਾ ਹੈ ਕਿ ਉਹ ਸਾਫ਼-ਸੁਥਰੀ ਗਾਇਕੀ ਨੂੰ ਅੱਜ ਵੀ ਬਹੁਤ ਪਿਆਰ ਕਰਦੇ ਹਨ।

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਨੇ ਕਿਹਾ ਕਿ ਪ੍ਰਸ਼ਾਸਨ ਦਾ ਮਕਸਦ ਲੋਕਾਂ ਨੂੰ ਮਿਆਰੀ ਮਨੋਰੰਜਨ ਦੇ ਨਾਲ-ਨਾਲ ਸ਼ਿਲਪਕਾਰਾਂ ਅਤੇ ਦਸਤਕਾਰਾਂ ਨੂੰ ਇੱਕ ਅਜਿਹਾ ਮੰਚ ਮੁਹੱਈਆ ਕਰਵਾਉਣਾ ਹੈ, ਜਿੱਥੇ ਉਨ੍ਹਾਂ ਵੱਲੋਂ ਤਿਆਰ ਕੀਤੇ ਸਮਾਨ ਸਿੱਧੇ ਤੌਰ ਉੱਤੇ ਗ੍ਰਾਹਕ ਖਰੀਦ ਸਕਣ।
ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ ਨੇ ਸਭਿਆਚਾਰਕ ਸਮਾਗਮ ਨੂੰ ਦੇਖਣ ਲਈ ਉਮੜੇ ਲੋਕਾਂ ਦੇ ਸੈਲਾਬ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਵਿੱਚ ਗੌਰਵਮਈ ਵਿਰਸੇ ਨੂੰ ਸੰਭਾਲਣ ਲਈ ਇਹ ਇੱਕ ਵਧੀਆ ਉਪਰਾਲਾ ਹੈ।
ਸੱਭਿਆਚਾਰਕ ਸਟੇਜ ‘ਤੇ ਜਿਵੇਂ ਹੀ ਕੁਲਵਿੰਦਰ ਬਿੱਲਾ ਨੇ ਆਪਣੇ ਪ੍ਰਸਿੱਧ ਗੀਤਾਂ ‘ਸੁੱਚਾ ਸੂਰਮਾ’, ‘ਟਾਇਮ ਟੇਬਲ’, ‘ਪਲਾਜ਼ੋ’ ਅਤੇ ‘ਲਾਈਟ ਵੇਟ’ ਨਾਲ ਹਾਜ਼ਰੀ ਲਵਾਈ, ਤਾਂ ਪੂਰਾ ਪੰਡਾਲ ਤਾੜੀਆਂ ਦੀ ਗੂੰਜ ਨਾਲ ਭਰ ਗਿਆ। ਕੁਲਵਿੰਦਰ ਬਿੱਲਾ ਨੇ ਆਪਣੀ ਪੇਸ਼ਕਾਰੀ ਦੌਰਾਨ ਕੁਝ ਹੋਰ ਚਰਚਿਤ ਗੀਤ ਵੀ ਗਾਏ।
ਠੰਢ ਦੇ ਬਾਵਜੂਦ ਨੌਜਵਾਨਾਂ ਅਤੇ ਪਰਿਵਾਰਾਂ ਦਾ ਉਤਸ਼ਾਹ ਵੇਖਣਯੋਗ ਸੀ। ਸਮਾਗਮ ਦੇ ਅੰਤ ਤੱਕ ਦਰਸ਼ਕਾਂ ਦਾ ਜੋਸ਼ ਬਰਕਰਾਰ ਰਿਹਾ ਅਤੇ ਇਹ ਸ਼ਾਮ ਯਾਦਗਾਰੀ ਹੋ ਨਿੱਬੜੀ।
ਸਮਾਗਮ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਆਕਾਸ਼ ਬਾਂਸਲ, ਮੁੱਖ ਮੰਤਰੀ ਫੀਲਡ ਅਫਸਰ ਗੁਰਲੀਨ ਕੌਰ, ਉਪ ਮੰਡਲ ਮੈਜਿਸਟਰੇਟ ਮਾਨਸਾ ਬਲਜੀਤ ਕੌਰ, ਉਪ ਮੰਡਲ ਮੈਜਿਸਟਰੇਟ ਬੁਢਲਾਡਾ ਗਗਨਦੀਪ ਸਿੰਘ, ਉਪ ਮੰਡਲ ਮੈਜਿਸਟਰੇਟ ਸਰਦੂਲਗੜ੍ਹ ਹਰਜਿੰਦਰ ਸਿੰਘ ਜੱਸਲ ਅਤੇ ਹੋਰ ਕਈ ਅਧਿਕਾਰੀ, ਸਿਆਸਤਦਾਨ, ਪ੍ਰਮੁੱਖ ਸ਼ਖਸ਼ੀਅਤਾਂ ਤੇ ਕਲਾ ਪ੍ਰੇਮੀ ਵੀ ਮੌਜੂਦ ਸਨ।

