
ਪ੍ਰਮਾਤਮਾ ਦਾ ਨਾਮ ਸਿਮਰਨ ਅਤੇ ਸੁਣਨ ਨਾਲ ਮਨ ਦੇ ਨਕਾਰਾਤਮਕ ਵਿਚਾਰ ਦੂਰ ਹੁੰਦੇ ਹਨ-ਸੁਆਮੀ ਜੀ
ਭਜਨ ਤੂੰਬਾ ਜ਼ਿੰਦੜੀ ਦਾ ਸਦਾ ਨੀ ਵਜਦੇ ਰਹਿਣਾ ਨੇ ਸ਼ਰਧਾਂਲੂਆਂ ਨੂੰ ਮਗਨ ਕੀਤਾ
ਸੰਜੀਵ ਜਿੰਦਲ
ਮਾਨਸਾ 16 ਮਾਰਚ : ਸੁਆਮੀ ਭੁਵਨੇਸ਼ਵਰੀ ਦੇਵੀ ਜੀ ਮਹਾਰਾਜ ਨੇ ਮਾਨਸਾ ਵਿਖੇ ਚੌਥੇ ਦਿਨ ਸੰਗਤਾਂ ਨੂੰ ਪ੍ਰਵਚਨ ਦਿੰਦਿਆਂ ਕਿਹਾ ਕਿ ਸਤਿਸੰਗ ਦਾ ਅਰਥ ਹੈ ਸਤ (ਸੱਚ) ਦੇ ਨਾਲ ਸੰਗਤ ਕਰਨਾ ਭਾਵ ਉਹਨਾਂ ਮਹਾਂਪੁਰਖਾਂ, ਗੁਰੂਆਂ ਅਤੇ ਸਾਧੂਆਂ ਦੀ ਸੰਗਤ ਵਿੱਚ ਰਹਿਣਾ ਜੋ ਸਾਨੂੰ ਸੱਚ ਦੇ ਰਾਹ ਤੇ ਲੈ ਜਾਂਦੇ ਹਨ ਅਤੇ ਜਦੋਂ ਮਨੁੱਖ ਸਤਿਸੰਗ ਵਿੱਚ ਬੈਠਦਾ ਹੈ ਤਾਂ ਉਸਦਾ ਮਨ ਹੌਲੀ-ਹੌਲੀ ਸ਼ੁੱਧ ਹੋਣਾ ਸ਼ੁਰੂ ਹੋ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਸਤਸੰਗ ਨਾਲ ਆਤਮਿਕ ਸ਼ੁੱਧੀ ਅਤੇ ਮਨ ਦੀ ਮੈਲ ਦੂਰ ਹੁੰਦੀ ਹੈ। ਸਤਿਸੰਗ ਵਿੱਚ ਧਾਰਮਿਕ ਬਚਨ ਅਤੇ ਨਾਮ ਸਿਮਰਨ ਸੁਣਨ ਨਾਲ ਮਨ ਵਿੱਚੋਂ ਨਕਾਰਾਤਮਕ ਵਿਚਾਰ ਦੂਰ ਹੋਣ ਲੱਗਦੇ ਹਨ। ਸੰਤਾਂ ਦੇ ਬਚਨ ਮਨੁੱਖ ਨੂੰ ਜੀਵਨ ਦਾ ਸਹੀ ਰਸਤਾ ਦਿਖਾਉਂਦੇ ਹਨ। ਸਤਿਸੰਗ ਵਿੱਚ ਬੈਠ ਕੇ ਪ੍ਰਭੂ ਦੇ ਨਾਮ ਦਾ ਜਾਪ ਕਰਨ ਦੀ ਪ੍ਰੇਰਣਾ ਮਿਲਦੀ ਹੈ, ਜੋ ਆਤਮਾ ਨੂੰ ਪਵਿੱਤਰ ਕਰਦਾ ਹੈ। ਸਤਿਸੰਗ ਮਨੁੱਖ ਦੀ ਜਿੰਦਗੀ ਨੂੰ ਬਦਲ ਸਕਦਾ ਹੈ।ਜਦੋਂ ਅਸੀਂ ਸੱਚੀ ਸੰਗਤ ਕਰਦੇ ਹਾਂ ਅਤੇ ਨਾਮ ਸਿਮਰਨ ਕਰਦੇ ਹਾਂ, ਤਾਂ ਆਤਮਾ ਦੀ ਸ਼ੁੱਧੀ ਹੋਣ ਲੱਗਦੀ ਹੈ ਅਤੇ ਮਨ ਨੂੰ ਅਸਲੀ ਸ਼ਾਂਤੀ ਮਿਲਦੀ ਹੈ।
ਅੱਜ ਦੇ ਸਤਿਸੰਗ ਦੌਰਾਨ ਸੁਆਮੀ ਭੁਵਨੇਸ਼ਵਰੀ ਦੇਵੀ ਜੀ ਨੇ ਸੰਗਤਾਂ ਨੂੰ ਸੁਆਮੀ ਹਰੀਦਾਸ ਜੀ ਦੇ ਜੀਵਨ ਅਤੇ ਪ੍ਰਭੂ ਭਗਤੀ ਬਾਰੇ ਵਿਸਥਾਰ ਨਾਲ ਦੱਸਿਆ।
ਪ੍ਰਧਾਨ ਪ੍ਰਵੀਨ ਟੋਨੀ ਸ਼ਰਮਾ ਨੇ ਦੱਸਿਆ ਕਿ ਚੌਥੇ ਦਿਨ ਹਲਕਾ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਨੇ ਆਪਣੀ ਧਰਮਪਤਨੀ ਸਮੇਤ ਸੁਆਮੀ ਭੁਵਨੇਸ਼ਵਰੀ ਦੇਵੀ ਜੀ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਝੰਡਾ ਪੂਜਨ ਦੀ ਰਸਮ ਸ਼੍ਰੀ ਕੇਵਲ ਕ੍ਰਿਸ਼ਨ, ਰਾਜਿੰਦਰ ਕੁਮਾਰ ਅਤੇ ਸੰਜੀਵ ਕੁਮਾਰ ਪਾਤੜਾਂ ਮੰਡੀ ਵੱਲੋਂ ਨਿਭਾਈ ਗਈ ਅਤੇ ਜੋਤੀ ਪ੍ਰਜਵਲਿਤ ਕਰਨ ਦਾ ਸੁਭਾਗ ਡਾਕਟਰ ਪਵਨ ਕੁਮਾਰ ਬੁਢਲਾਡਾ ਨੂੰ ਪ੍ਰਾਪਤ ਹੋਇਆ। ਇਸੇ ਤਰ੍ਹਾਂ ਸੁਆਮੀ ਜੀ ਨੂੰ ਦੁਸ਼ਾਲਾ ਭੇਟ ਕਰਨ ਦਾ ਸਨਮਾਨ ਰਾਕੇਸ਼ ਕੁਮਾਰ ਚੰਡੀਗੜ੍ਹ ਡਾਕਟਰ ਵਿਸ਼ਾਲ ਕੁਮਾਰ ਮਾਨਸਾ ਨੂੰ ਮਿਲਿਆ।ਪਗੜੀ ਰਸਮ ਮਨੀਸ਼ ਕੁਮਾਰ (ਡਿਪਟੀ ਰਾਮ ਐੰਡ ਸੰਜ) ਵੱਲੋਂ ਅਤੇ ਪੁਸ਼ਪ ਭੇਟ ਦੀ ਰਸਮ ਬਲਕੌਰ ਸਿੰਘ ਅਤੇ ਚਮਕੌਰ ਸਿੰਘ ਮੂਸੇਵਾਲਾ ਵਲੋਂ ਅਦਾ ਕੀਤੀ ਗਈ। ਇਸ ਮੌਕੇ ਛੋਟੇ-ਛੋਟੇ ਬੱਚਿਆਂ ਵੱਲੋਂ ਕ੍ਰਿਸ਼ਨ ਜੀ ਦੇ ਭਜਨ ਤੇ ਕੋਰਿਓਗ੍ਰਾਫ਼ੀ ਵੀ ਕੀਤੀ ਗਈ, ਜਿਸ ਦੀ ਤਿਆਰੀ ਡਾ. ਨੀਰੂ ਸ਼ਰਮਾ (ਸੰਗੀਤ ਅਧਿਆਪਕਾ) ਵੱਲੋਂ ਕਰਵਾਈ ਗਈ।
ਮੰਚ ਸੰਚਾਲਨ ਦੀ ਭੁਮਿਕਾ ਟਰੱਸਟ ਦੇ ਕੌਮੀ ਸਕੱਤਰ ਸ਼੍ਰੀ ਆਨੰਦ ਪ੍ਰਕਾਸ਼ ਗੁਪਤਾ ਵੱਲੋਂ ਪੂਰੀ ਮਰਿਆਦਾ ਨਾਲ ਨਿਭਾਈ ਗਈ।

