ਸੰਜੀਵ ਜਿੰਦਲ
ਮਾਨਸਾ, 15 ਮਾਰਚ : ਜ਼ਿਲ੍ਹਾ ਖਜ਼ਾਨਾ ਅਫ਼ਸਰ ਮਾਨਸਾ ਅਵਤਾਰ ਸਿੰਘ ਨੇ ਪੰਜਾਬ ਸਰਕਾਰ ਦੇ ਸਮੂਹ ਪੈਨਸ਼ਨਰਾਂ ਨੂੰ ਅਪੀਲ ਕੀਤੀ ਹੈ ਕਿ ਸੂਬਾ ਸਰਕਾਰ ਵੱਲੋਂ ਸੇਵਾ-ਮੁਕਤ ਪੈਨਸ਼ਨਰਾਂ ਦੀ ਸਹੂਲਤ ਤੇ ਪ੍ਰਕਿਰਿਆ ਵਿਚ ਪਾਰਦਰਸ਼ਤਾ ਲਿਆਉਣ ਲਈ ਡਿਜੀਟਲ ਲਾਈਫ ਸਰਟੀਫਿਕੇਟ (ਜੀਵਨ ਪ੍ਰਮਾਣ ਪੱਤਰ) ਜਮ੍ਹਾਂ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਕੁਝ ਪੈਨਸ਼ਨਰਾਂ ਵੱਲੋਂ ਅਜੇ ਵੀ ਬੈਂਕਾਂ ਵਿਚ ਮੈਨੁਅਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾਏ ਜਾ ਰਹੇ ਹਨ, ਜੋ ਕਿ ਹੁਣ ਮਾਨਤਾ ਪ੍ਰਾਪਤ ਨਹੀਂ ਹੋਣਗੇ। ਇਸ ਲਈ ਆਪਣੀ ਪੈਨਸ਼ਨ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰੱਖਣ ਲਈ ਪੈਨਸ਼ਨਰ ਤੁਰੰਤ ਆਪਣਾ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾਉਣ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੈਨਸ਼ਨਰ ਆਪਣਾ ਡਿਜੀਟਲ ਲਾਈਫ ਸਰਟੀਫਿਕੇਟ ਸਬੰਧਤ ਬੈਂਕ ਦੀ ਬ੍ਰਾਂਚ, ਨਜ਼ਦੀਕੀ ਖਜ਼ਾਨਾ ਦਫ਼ਤਰ ਤੇ ਸੇਵਾ ਕੇਂਦਰ ‘ਤੇ ਜ਼ਰੂਰੀ ਦਸਤਾਵੇਜ਼ ਜਿਵੇਂ ਕਿ ਆਧਾਰ ਕਾਰਡ, ਬੈਂਕ ਪਾਸਬੁੱਕ, ਪੀਪੀਓ ਦੀ ਕਾਪੀ ਤੇ ਆਧਾਰ ਨਾਲ ਲਿੰਕ ਮੋਬਾਈਲ ਨੰਬਰ ਨਾਲ ਲੈ ਕੇ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੈਨਸ਼ਨਰ ਡੋਰ-ਸਟੈੱਪ ਡਿਲਿਵਰੀ ਸੇਵਾ ਰਾਹੀਂ ਵੀ ਇਸ ਸੁਵਿਧਾ ਦਾ ਲਾਭ ਲੈ ਸਕਦੇ ਹਨ। ਇਸ ਲਈ ਰਾਜ ਸਰਕਾਰ ਦੀ ‘ਘਰ ਬੈਠੇ ਸੇਵਾ’ ਹੇਲਪਲਾਈਨ ਨੰਬਰ 1076 ‘ਤੇ ਕਾਲ ਕਰਕੇ ਘਰ ਬੈਠੇ ਇਹ ਸੇਵਾ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਪੈਨਸ਼ਨਰ ਘਰ ਬੈਠੇ ਹੀ ਜੀਵਨ ਪ੍ਰਮਾਣ ਪੱਤਰ ਮੋਬਾਈਲ ਐਪ ਡਾਊਨਲੋਡ ਕਰਕੇ ਵੀ ਆਪਣਾ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾ ਸਕਦੇ ਹਨ।
ਜ਼ਿਲ੍ਹਾ ਖਜ਼ਾਨਾ ਅਫ਼ਸਰ ਨੇ ਸਮੂਹ ਪੈਨਸ਼ਨਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਡਿਜੀਟਲ ਲਾਈਫ ਸਰਟੀਫਿਕੇਟ (ਜੀਵਨ ਪ੍ਰਮਾਣ ਪੱਤਰ) 31 ਮਾਰਚ 2026 ਤੋਂ ਪਹਿਲਾਂ ਜਮ੍ਹਾਂ ਕਰਵਾਉਣਾ ਯਕੀਨੀ ਬਣਾਉਣ, ਤਾਂ ਜੋ ਉਨ੍ਹਾਂ ਦੀ ਪੈਨਸ਼ਨ ਬਿਨਾਂ ਕਿਸੇ ਰੁਕਾਵਟ ਜਾਰੀ ਰਹਿ ਸਕੇ।

