
ਮਾਨਸਾ, 24 ਮਈ ( ਸੰਜੀਵ ਜਿੰਦਲ ) : ਮਸ਼ਹੂਰ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਮਾਮਲੇ ਵਿੱਚ ਗਵਾਹ ਰਹੇ ਅਤੇ ਤਤਕਾਲੀ ਥਾਣਾ ਸਿਟੀ 1, ਮਾਨਸਾ ਦੇ ਇੰਚਾਰਜ ਰਹੇ ਅੰਗਰੇਜ਼ ਸਿੰਘ ਦਾ ਲੰਬੀ ਬੀਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਕੁਝ ਸਮੇਂ ਤੋਂ ਲੁਧਿਆਣਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਅਧੀਨ ਸਨ।
ਅੰਗਰੇਜ਼ ਸਿੰਘ ਹਾਲ ਹੀ ਵਿੱਚ ਪੰਜਾਬ ਪੁਲਿਸ ਤੋਂ ਰਿਟਾਇਰ ਹੋਏ ਸਨ ਅਤੇ ਇਲਾਜ ਅਧੀਨ ਰਹਿੰਦਿਆਂ ਅੱਜ ਉਨ੍ਹਾਂ ਨੇ ਅਖੀਰਲੀ ਸਾਂਸ ਲਈ। ਉਨ੍ਹਾਂ ਦੀ ਮੌਤ ਸਿੱਧੂ ਮੂਸੇ ਵਾਲਾ ਕਤਲ ਮਾਮਲੇ ‘ਚ ਇਕ ਮਹੱਤਵਪੂਰਨ ਗਵਾਹ ਦੀ ਹਾਜ਼ਰੀ ਨੂੰ ਖਤਮ ਕਰ ਗਈ ਹੈ। ਜਾਣਕਾਰੀ ਮੁਤਾਬਕ, ਬੀਤੇ ਦਿਨ ਉਹ ਮਾਨਸਾ ਅਦਾਲਤ ਵਿੱਚ ਗਵਾਹੀ ਲਈ ਪੇਸ਼ ਨਹੀਂ ਹੋ ਸਕੇ ਸਨ ਕਿਉਂਕਿ ਉਹ ਬੀਮਾਰ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਪਿੱਛੇ ਪਤਨੀ, ਦੋ ਧੀਆਂ ਅਤੇ ਇੱਕ ਪੁੱਤਰ ਹਨ। ਉਨ੍ਹਾਂ ਦਾ ਪੁੱਤਰ ਵੀ ਪੰਜਾਬ ਪੁਲਿਸ ਵਿੱਚ ਨੌਕਰੀ ਕਰ ਰਿਹਾ ਹੈ।
ਦੱਸ ਦਈਏ ਕਿ ਮੂਸੇਵਾਲਾ ਦੇ ਕਤਲ ਕੇਸ ’ਚ ਕੱਲ੍ਹ ਮਾਨਸਾ ਦੀ ਅਦਾਲਤ ਵਿੱਚ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਵੀ ਗਵਾਹੀ ਹੋਣੀ ਸੀ ਪਰ ਉਹ ਸਿਹਤ ਖ਼ਰਾਬ ਹੋਣ ਕਾਰਨ ਅਦਾਲਤ ਵਿੱਚ ਪੇਸ਼ੀ ਲਈ ਨਹੀਂ ਆ ਸਕੇ। ਅਦਾਲਤ ਨੇ ਹੁਣ ਬਲਕੌਰ ਸਿੰਘ ਨੂੰ ਅਗਲੀ ਪੇਸ਼ ਲਈ ਚਾਰ ਜੁਲਾਈ ਨੂੰ ਬੁਲਾਇਆ ਹੈ।
ਪਿਛਲੀ ਪੇਸ਼ੀ ਦੌਰਾਨ ਅਦਾਲਤ ਵੱਲੋਂ ਇਸ ਕਤਲ ਕੇਸ ਵਿੱਚ ਜਾਂਚ ਅਧਿਕਾਰੀ (ਆਈਓ) ਅੰਗਰੇਜ਼ ਸਿੰਘ ਤੇ ਸੁਖਪਾਲ ਸਿੰਘ ਨੂੰ ਵੀ ਉਸੇ ਦਿਨ ਆਪਣੇ ਬਿਆਨ ਦਰਜ ਕਰਵਾਉਣ ਲਈ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸਨ। ਅਦਾਲਤ ਨੇ ਕੇਸ ਦੇ ਜਾਂਚ ਅਧਿਕਾਰੀ ਅੰਗਰੇਜ਼ ਸਿੰਘ ਅਤੇ ਸੁਖਪਾਲ ਸਿੰਘ ਨੂੰ ਵੀ ਸੰਮਨ ਜਾਰੀ ਕੀਤੇ ਸਨ।