
ਸੰਜੀਵ ਜਿੰਦਲ
ਮਾਨਸਾ, 11 ਅਕਤੂਬਰ : ਪੰਜਾਬ ਵਿੱਚ ਅਵਾਰਾ ਪਸ਼ੂ ਸੜਕਾਂ ਤੇ ਲੋਕਾਂ ਦੀ ਮੌਤ ਬਣ ਕੇ ਘੁੰਮ ਰਹੇ ਹਨ, ਪਰ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ। ਦੇਸ਼ ਦਾ ਹਰੇਕ ਵਿਅਕਤੀ cow ਸੈਸ ਦੇ ਰੂਪ ਵਿੱਚ ਅਵਾਰਾ ਪਸ਼ੂਆਂ ਦੀ ਦੇਖਭਾਲ ਲਈ ਸਰਕਾਰ ਨੂੰ ਅਦਾਇਗੀ ਕਰ ਰਿਹਾ ਹੈ ਪਰ ਸਰਕਾਰ ਫੇਲ ਹੈ ਤੇ ਰੋਜ਼ਾਨਾ ਕੀਮਤੀ ਜਾਨਾ ਜਾ ਰਹੀਆਂ ਹਨ। ਇਸੇ ਤਰ੍ਹਾਂ ਦੀ ਇੱਕ ਮੰਦਭਾਗੀ ਖਬਰ ਮਾਨਸਾ ਤੋ ਸਾਹਮਣੇ ਆਈ ਹੈ ਜਿਥੋਂ ਇਕ ਐਂਬੂਲੈਂਸ ਨੰਬਰੀ ਪੀਬੀ 11 ਸੀਐਕਸ 1158 ਪਟਿਆਲਾ ਤੋਂ ਬੁਢਲਾਡਾ ਮਰੀਜ ਛੱਡ ਕੇ ਵਾਪਸ ਪਟਿਆਲਾ ਵੱਲ ਜਾ ਰਹੀ ਸੀ ਤਾਂ ਬੁਢਲਾਡਾ ਰੋਡ ‘ਤੇ ਬਿਜਲੀ ਗਰਿੱਡ ਦੇ ਨਜਦੀਕ ਸੜਕ ‘ਤੇ ਫਿਰ ਰਹੇ ਅਵਾਰਾ ਪਸ਼ੂ ਨਾਲ ਅਚਾਨਕ ਐਂਬੂਲੈਂਸ ਦੀ ਭਿਆਨਕ ਟੱਕਰ ਹੋ ਗਈ ਜਿਸ ਦੌਰਾਨ ਚਾਲਕ ਰਜਤ ਕੁਮਾਰ ਵਾਸੀ ਪਟਿਆਲਾ ਗੰਭੀਰ ਜ਼ਖ਼ਮੀ ਹੋ ਗਿਆ ਜਿਸਨੂੰ ਪ੍ਰਾਈਵੇਟ ਐਂਬੂਲੈਂਸ ਰਾਹੀ ਸਿਵਲ ਹਸਪਤਾਲ ਮਾਨਸਾ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਭੀਖੀ ਪੁਲਿਸ ਨੇ ਮ੍ਰਿਤਕ ਦੇ ਪਿਤਾ ਸੁਰਿੰਦਰ ਕੁਮਾਰ ਦੇ ਬਿਆਨਾਂ ‘ਤੇ ਬੀਐੱਨਐੱਸ-194 ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ।
ਇਸੇ ਤਰ੍ਹਾਂ ਇਕ ਹੋਰ ਮਾਮਲੇ ਵਿਚ ਬਲਦੇਵ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਸੇਖਵਾਂ ਸੰਗਰੂਰ ਨੇ ਇਤਲਾਹ ਦਿੱਤੀ ਸੀ ਕਿ ਉਸ ਦਾ ਪੁੱਤਰ ਅੰਮ੍ਰਿਤਪਾਲ ਸਿੰਘ ਤੇ ਉਸ ਦੀ ਪਤਨੀ ਨਛੱਤਰ ਕੌਰ ਦੋਵੇਂ ਬਾਈਕ ‘ਤੇ ਜਾ ਰਹੇ ਸਨ ਕਿ ਨੇੜੇ ਡ੍ਰੇਨ ਪੁਲ ਕੋਲ ਕਿਸੇ ਆਵਾਰਾ ਪਸ਼ੂ ਕਰਕੇ ਦੋਵੇਂ ਬਾਈਕ ਤੋਂ ਡਿੱਗ ਗਏ। ਨਛੱਤਰ ਕੌਰ ਦੀ ਮੌਤ ਹੋ ਗਈ ਜਦੋਂ ਕਿ ਅੰਮ੍ਰਿਤਪਾਲ ਸਿੰਘ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਦੱਸ ਦੇਈਏ ਕਿ ਪੰਜਾਬ ਵਿਚ ਆਵਾਰਾ ਪਸ਼ੂਆਂ ਦਾ ਕਹਿਰ ਵਧਦਾ ਜਾ ਰਿਹਾ ਹੈ। ਬਹੁਤ ਸਾਰੀਆਂ ਜਾਨਾਂ ਜਾ ਰਹੀਆਂ ਹਨ। ਗਾਇਕ ਰਾਜਵੀਰ ਜਵੰਦਾ ਦੀ ਮੌਤ ਦਾ ਕਾਰਨ ਵੀ ਆਵਾਰਾ ਪਸ਼ੂ ਹੀ ਦੱਸੇ ਜਾ ਰਹੇ ਹਨ। ਇਸ ਲਈ ਸਰਕਾਰ ਨੂੰ ਇਨ੍ਹਾਂ ਨੂੰ ਠੱਲ੍ਹ ਪਾਉਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।