ਸੰਜੀਵ ਜਿੰਦਲ
ਮਾਨਸਾ : ਲਗਾਤਾਰ ਪੈ ਰਹੇ ਮੀਹ ਨੇ ਪੂਰੇ ਪੰਜਾਬ ਵਿੱਚ ਤਬਾਹੀ ਮਚਾਈ ਹੋਈ ਹੈ। ਜਿਸ ਨਾਲ ਮਾਲੀ ਅਤੇ ਜਾਨੀ ਦੋਵੇਂ ਨੁਕਸਾਨ ਹੋਏ ਹਨ.। ਜਿਵੇੰ ਪਹਿਲਾਂ ਮੀਹ ਪਵਾਉਣ ਲਈ ਗੁੱਡੀਆਂ ਫੂਕੀਆਂ ਜਾਂਦੀਆਂ ਸਨ ਇਸੇ ਤਰ੍ਹਾਂ ਪੁਰਾਤਨ ਰਿਵਾਜ ਮੁਤਾਬਕ ਮੀਂਹ ਨੂੰ ਰੋਕਣ ਲਈ ਸੱਥ ਵਿੱਚ ਜੱਟ ਦਾ ਸੁਹਾਗਾ ਖੜਾ ਕੀਤਾ ਜਾਂਦਾ ਸੀ ਇਸੇ ਪੁਰਾਤਨ ਮਿੱਥ ਅਨੁਸਾਰ ਮਾਨਸਾ ਜ਼ਿਲ੍ਹੇ ਦੇ ਪਿੰਡ ਚੂਹੜੀਆ ‘ਚ ਲਗਾਤਾਰ ਪੈ ਰਹੇ ਮੀਂਹ ਨੂੰ ਰੋਕਣ ਲਈ ਬਜ਼ੁਰਗਾਂ ਦੀ ਪੁਰਾਣੀ ਮਿੱਥ ਅਨੁਸਾਰ ਸਾਂਝੀ ਸੱਥ ’ਚ ਪਿੰਡ ਦੇ ਸਰਪੰਚ ਨੇ ਬਜ਼ੁਗਰਾਂ ਤੇ ਮੋਹਤਵਰ ਵਿਅਕਤੀਆਂ ਦੇ ਨਾਲ ‘ਜੱਟ ਦਾ ਸੁਹਾਗਾ’ ਗੱਡ ਦਿੱਤਾ।
ਸਰਦੂਲਗੜ੍ਹ ਹਲਕੇ ਦੇ ਪਿੰਡ ਚੂਹੜੀਆ ’ਚ ਸਰਪੰਚ ਅਰੁਣ ਕੁਮਾਰ ਵੱਲੋਂ ਗੱਡਿਆ ਸੁਹਾਗਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਭਾਵੇਂ ਕਿ ਨੌਜਵਾਨ ਪੀੜ੍ਹੀ ਜਾਂ ਵਿਗਿਆਨਕ ਤੌਰ ’ਤੇ ਇਸ ਦਾ ਆਧਾਰ ਨਹੀਂ ਹੈ, ਪਰ ਪਿੰਡ ਦੀ ਮਿੱਥ ਅਨੁਸਾਰ ਸੁਹਾਗਾ ਸਾਂਝੀ ਸੱਥ ‘ਚ ਗੱਡਣ ਨਾਲ ਲਗਾਤਾਰ ਪੈਂਦੇ ਮੀਂਹ ਰੁੱਕ ਜਾਣ ਦੀ ਗੱਲ ਕਹੀ ਜਾਂਦੀ ਹੈ।
ਦੱਸ ਦਈਏ ਕਿ ਘੱਗਰ ਦਾ ਪਾਣੀ ਪੱਧਰ ਵੀ ਲਗਾਤਾਰ ਵੱਧਦਾ ਜਾ ਰਿਹਾ ਹੈ ਜਿਸ ਦਾ ਖਤਰਾ ਸਰਦੂਲਗੜ ਦੇ ਆਸ ਪਾਸ ਦੇ ਪਿੰਡਾਂ ਤੇ ਮੰਡਰਾ ਰਿਹਾ ਹੈ।
ਪਿੰਡ ਚੂਹੜੀਆ ਦੇ ਸਰਪੰਚ ਅਰੁਣ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੇ ਮੀਂਹ ਬਹੁਤ ਜ਼ਿਆਦਾ ਤੇਜ਼ ਪੈ ਰਹੇ ਹਨ ਅਤੇ ਬਜ਼ੁਰਗਾਂ ਦੀ ਪੁਰਾਣੀ ਮਿਥ ਅਨੁਸਾਰ ਇਲਾਕੇ ਵਿੱਚ ਹੜ੍ਹਾਂ ਵਰਗੇ ਹਾਲਾਤ ਨੂੰ ਭਾਂਪਦਿਆਂ ਅਜਿਹਾ ਕੀਤਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਤੇਜ਼ ਪੈ ਰਿਹਾ ਮੀਂਹ ਸੁਹਾਗਾ ਗੱਡਣ ’ਤੇ ਉਨ੍ਹਾਂ ਦੇ ਪਿੰਡ ‘ਚ ਰੁਕ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਜੋ ਕਦਮ ਉਨ੍ਹਾਂ ਨੇ ਚੁੱਕਿਆ ਹੈ ਉਹ ਸਾਰੇ ਪਿੰਡ ਦੇ ਬਜ਼ੁਰਗਾਂ ਅਤੇ ਲੋਕਾਂ ਨਾਲ ਸਲਾਹ ਕਰਕੇ ਹੀ ਕੀਤਾ ਗਿਆ ਕਿਉਂਕਿ ਇਹ ਉਨ੍ਹਾਂ ਦੇ ਬਜ਼ੁਰਗਾਂ ਦੀ ਪੁਰਾਣੀ ਰਵਾਇਤ ਹੈ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਇਹ ਸੁਹਾਗਾ ਪਿੰਡ ਦੇ ਮੋਹਤਵਰ ਲੋਕਾਂ ਦੀ ਮੌਜੂਦਗੀ ਵਿੱਚ ਗੱਡਿਆ ਗਿਆ ਹੈ।