
ਸੰਜੀਵ ਜਿੰਦਲ
ਮਾਨਸਾ, 29 ਅਪ੍ਰੈਲ : ਪੰਜਾਬੀ ਸੰਗੀਤ ਜਗਤ ਵਿਚ ਇਨਸਾਈਕਲੋਪੀਡੀਆ ਦੇ ਨਾਮ ਨਾਲ ਜਾਣੇ ਜਾਂਦੇ ਅਸ਼ੋਕ ਬਾਂਸਲ ਮਾਨਸਾ ਜਿੰਨਾ ਨੇ ਪੰਜਾਬੀ ਗੀਤਕਾਰਾਂ ਬਾਰੇ ਦੂਜੀ ਕਿਤਾਬ “ਲੱਭ ਜਾਣਗੇ ਲਾਲ ਗੁਆਚੇ “ ਬੀਤੇ ਦਿਨੀਂ ਕਨੇਡਾ ਅਤੇ ਅਮਰੀਕਾ ਵਿਚ ਲੋਕ ਅਰਪਣ ਕੀਤੀ ਸੀ । ‘ਲੱਭ ਜਾਣਗੇ ਲਾਲ ਗੁਆਚੇ’ ਕਿਤਾਬ ਬਾਰੇ ਕਨੇਡਾ ਦੇ ਸ਼ਹਿਰ ਸਰੀ, ਐਡਮਿੰਟਨ ਅਤੇ ਕੈਲਗਰੀ ਸਮੇਤ ਅਮਰੀਕਾ ਦੇ ਸ਼ਹਿਰ ਸਿਆਟਲ ਅਤੇ ਫਰੀਜ਼ਨੋ ਵਿਖੇ ਕਰਵਾਏ ਗਏ ਵੱਖ ਵੱਖ ਸਨਮਾਨ ਸਮਾਰੋਹਾਂ ਵਿਚ ਪੰਜਾਬੀਆਂ ਵਲੋਂ ਅਸ਼ੋਕ ਬਾਂਸਲ ਦਾ ਭਰਪੂਰ ਸਨਮਾਨ ਕੀਤਾ ਗਿਆ। ਅਮਰੀਕਾ ਕਨੇਡਾ ਦੀ ਫੇਰੀ ਤੋਂ ਮਾਨਸਾ ਵਾਪਸ ਪਰਤੇ ਬਾਂਸਲ ਦਾ ਅੱਜ ਵਾਇਸ ਆਫ ਮਾਨਸਾ ਸੰਸਥਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਅਤੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਮਾਨਸਾ ਰੇਲਵੇ ਸਟੇਸ਼ਨ ਤੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ।
ਡਾ. ਜਨਕ ਰਾਜ ਨੇ ਕਿਹਾ ਕਿ ਮਾਨਸਾ ਦਾ ਨਾਮ ਪੰਜਾਬੀ ਸੰਗੀਤ ਵਿੱਚ ਗੀਤਕਾਰਾਂ ਸਬੰਧੀ ਕੀਤੀ ਖੋਜ ਕਰਕੇ ਅਸ਼ੋਕ ਨੇ ਪੂਰੀ ਦੁਨੀਆਂ ਵਿਚ ਰੋਸ਼ਨ ਕੀਤਾ ਹੈ । ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਇਸ ਮੌਕੇ ਕਿਹਾ ਕਿ ਬਾਂਸਲ ਵਲੋਂ ਕੀਤੀ ਗਈ ਖੋਜ ਕਰਕੇ ਸਰਕਾਰ ਵਲੋਂ ਇਹਨਾਂ ਨੂੰ ਡਾਕਟਰੇਰਟ ਦੀ ਡਿਗਰੀ ਨਾਲ ਸਨਮਾਨਿਤ ਕਰਨਾ ਚਾਹੀਦਾ ਹੈ।
ਇਸ ਮੌਕੇ ਸੀਨੀਅਰ ਸਿਟੀਜ਼ਨ ਆਗੂ ਬਿੱਕਰ ਸਿੰਘ ਮਘਾਣੀਆ, ਸਭਿਆਚਾਰਕ ਚੇਤਨਾ ਮੰਚ ਦੇ ਹਰਿੰਦਰ ਮਾਨਸ਼ਾਹੀਆ, ਸਰਬਜੀਤ ਕੌਸ਼ਲ ਅਤੇ ਪ੍ਰਿਤਪਾਲ ਸਿੰਘ , ਵਾਇਸ ਆਫ ਮਾਨਸਾ ਦੇ ਮੈਂਬਰ ਜਗਦੀਸ਼ ਰਾਏ ਗੋਇਲ, ਰਾਜ ਕੁਮਾਰ, ਰਾਜਿੰਦਰ ਗਰਗ ਅਤੇ ਵਿਸ਼ਵਦੀਪ ਬਰਾੜ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।
ਅਸ਼ੋਕ ਬਾਂਸਲ ਨੇ ਇਸ ਮੌਕੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਪਣੀ ਸਰਜ਼ਮੀਨ ਤੇ ਆਪਣਿਆਂ ਵਲੋਂ ਸਨਮਾਨਿਤ ਹੋਣਾ ਬਹੁਤ ਵੱਡਾ ਮਾਣ ਹੁੰਦਾ ਹੈ ਅਤੇ ਇਸ ਲਈ ਸਦਾ ਹੀ ਉਹ ਮਾਨਸਾ ਵਾਸੀਆਂ ਦੇ ਰਿਣੀ ਰਹਿਣਗੇ ਅਤੇ ਵਧੇਰੇ ਲਗਨ ਨਾਲ ਆਪਣਾ ਖੋਜ ਕਾਰਜ ਜਾਰੀ ਰੱਖਣਗੇ।