
ਬਿਊਰੋ ਪ੍ਰਾਈਮ ਪੋਸਟ ਪੰਜਾਬ
ਚੰਡੀਗੜ੍ਹ, 8 ਅਕਤੂਬਰ : ਰਾਜਵੀਰ ਜਵੰਦਾ ਨੂੰ ਲੈ ਕੇ ਬੁਰੀ ਖਬਰ ਸਾਹਮਣੇ ਆਈ ਹੈ। ਗਾਇਕ ਰਾਜਵੀਰ ਜਵੰਦਾ ਦਾ ਅੱਜ ਦੇਹਾਂਤ ਹੋ ਗਿਆ ਹੈ। ਰਾਜਵੀਰ ਜਵੰਦਾ ਨਾਲ ਵਾਪਰੇ ਇੱਕ ਹਾਦਸੇ ਨੇ ਪੰਜਾਬੀ ਇੰਡਸਟਰੀ ਤੋਂ ਇੱਕ ਹੋਰ ਚਮਕਦਾ ਸਿਤਾਰਾ ਖੋਹ ਲਿਆ।
ਦੱਸ ਦੇਈਏ ਕਿ 27 ਸਤੰਬਰ ਨੂੰ ਗਾਇਕ ਰਾਜਵੀਰ ਜਵੰਦਾ ਭਿਆਨਕ ਹਾਦਸੇ ਦਾ ਸ਼ਿਕਾਰ ਹੋਏ ਸੀ। ਗਾਇਕ 27 ਸਤੰਬਰ ਨੂੰ ਸ਼ਿਮਲਾ ਜਾ ਰਹੇ ਸੀ, ਜਿਸ ਦੌਰਾਨ ਅਚਾਨਰ ਸੜਕ ‘ਤੇ ਦੋ ਢੱਠੇ ਲੜਦੇ ਹੋਏ ਆ ਗਏ। ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਗਾਇਕ ਦੀ ਬਾਈਕ ਸਾਹਮਣੇ ਆ ਰਹੀ ਕਾਰ ਨਾਲ ਟਕਰਾ ਗਈ। ਉਸ ਦਿਨ ਤੋਂ ਰਾਜਵੀਰ ਮੁਹਾਲੀ ਦੇ ਹਸਪਤਾਲ ਵਿੱਚ ਦਾਖਲ ਸੀ ਅਤੇ ਲਗਾਤਾਰ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਪਰ ਹੁਣੇ-ਹੁਣੇ ਖਬਰ ਸਾਹਮਣੇ ਆਈ ਹੈ ਕਿ ਰਾਜਵੀਰ ਜਵੰਦਾ ਦਾ ਦੇਹਾਂਤ ਹੋ ਗਿਆ ਹੈ। ਰਾਜਵੀਰ ਜਵੰਦਾ ਆਪਣੇ ਪਿੱਛੇ ਪਤਨੀ, ਮਾਂ ਅਤੇ ਦੋ ਬੱਚਿਆ ਨੂੰ ਛੱਡ ਗਿਆ ਜਦਕਿ ਗਾਇਕ ਦੇ ਪਿਤਾ ਦਾ ਪਹਿਲਾ ਹੀ ਦੇਹਾਂਤ ਹੋ ਚੁੱਕਾ ਹੈ।
ਇਸ ਸਬੰਧੀ ਖ਼ਬਰ ਏਜੰਸੀ PTI ਨੇ ਵੀ ਆਪਣੇ ਐਕਸ ਅਕਾਊਂਟ ਰਾਹੀਂ ਰਾਜਵੀਰ ਜਵੰਦਾ ਦੇ ਦੇਹਾਂਤ ਦੀ ਪੁਸ਼ਟੀ ਕਰ ਦਿੱਤੀ ਹੈ। ਉਨ੍ਹਾਂ ਲਿਖਿਆ ਕਿ, “ਪਿਛਲੇ ਮਹੀਨੇ ਸੜਕ ਹਾਦਸੇ ਤੋਂ ਬਾਅਦ ਵੈਂਟੀਲੇਟਰ ‘ਤੇ ਰੱਖੇ ਗਏ ਪੰਜਾਬੀ ਗਾਇਕ ਰਾਜਵੀਰ ਜਵੰਦਾ (35) ਦਾ ਫੋਰਟਿਸ ਮੋਹਾਲੀ ਵਿਖੇ ਦੇਹਾਂਤ ਹੋ ਗਿਆ।”
ਇਸ ਸਬੰਧੀ ਫੋਰਟਿਸ ਹਸਪਤਾਲ, ਮੋਹਾਲੀ ਵੱਲੋਂ ਮੀਡੀਆ ਸਟੇਟਮੈਂਟ ਜਾਰੀ ਕੀਤੀ ਗਈ। ਜਿਸ ‘ਚ ਉਨ੍ਹਾਂ ਦੱਸਿਆ ਕਿ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ 8 ਅਕਤੂਬਰ, 2025 ਨੂੰ ਸਵੇਰੇ 10:55 ਵਜੇ ਫੋਰਟਿਸ ਹਸਪਤਾਲ, ਮੋਹਾਲੀ ਵਿਖੇ ਦੇਹਾਂਤ ਹੋ ਗਿਆ। ਉਨ੍ਹਾਂ ਨੂੰ 27 ਸਤੰਬਰ, 2025 ਨੂੰ ਇੱਕ ਸੜਕ ਹਾਦਸੇ ਤੋਂ ਬਾਅਦ ਬਹੁਤ ਹੀ ਗੰਭੀਰ ਹਾਲਤ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਸ ਵਿੱਚ ਰੀੜ੍ਹ ਦੀ ਹੱਡੀ ਦੀਆਂ ਗੰਭੀਰ ਸੱਟਾਂ ਅਤੇ ਦਿਮਾਗ ਨੂੰ ਨੁਕਸਾਨ ਪਹੁੰਚਿਆ ਸੀ। ਵਿਆਪਕ ਡਾਕਟਰੀ ਸਹਾਇਤਾ ਅਤੇ ਕ੍ਰਿਟੀਕਲ ਕੇਅਰ ਅਤੇ ਨਿਊਰੋਸਰਜਰੀ ਟੀਮਾਂ ਦੁਆਰਾ ਨਿਰੰਤਰ ਨਿਗਰਾਨੀ ਦੇ ਬਾਵਜੂਦ, ਅੱਜ ਸਵੇਰੇ ਉਹ ਮਲਟੀਪਲ ਆਰਗਨ ਫੇਲ੍ਹ ਹੋਣ ਕਾਰਨ ਦਮ ਤੋੜ ਗਏ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਸਾਡੀ ਡੂੰਘੀ ਸੰਵੇਦਨਾ ਹੈ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਐਕਸ ਅਕਾਊਂਟ ‘ਤੇ ਪੋਸਟ ਸ਼ੇਅਰ ਕਰਕੇ ਗਾਇਕ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ,”ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਦੇਹਾਂਤ ਦੀ ਖਬਰ ਸੁਣ ਕੇ ਮਨ ਨੂੰ ਗਹਿਰਾ ਦੁੱਖ ਪਹੁੰਚਿਆ। ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ਦੇ ਬੱਦੀ ਇਲਾਕੇ ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੋਏ ਰਾਜਵੀਰ ਜਵੰਦਾ ਪਿਛਲੇ ਕਈ ਦਿਨਾਂ ਤੋਂ ਫੋਰਟਿਸ ਹਸਪਤਾਲ ‘ਚ ਜ਼ੇਰੇ ਇਲਾਜ ਸਨ। ਗੁਰੂ ਸਾਹਿਬ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਤੇ ਚਾਹੁੰਣ ਵਾਲਿਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ। ਰਾਜਵੀਰ ਜਵੰਦਾ ਦੇ ਗੀਤ ਅਤੇ ਉਨ੍ਹਾਂ ਦੀ ਮਿੱਠੀ ਆਵਾਜ਼ ਹਮੇਸ਼ਾ ਸਾਡੇ ਦਿਲਾਂ ‘ਚ ਜ਼ਿੰਦਾ ਰਹੇਗੀ।”
ਦੱਸਣਯੋਗ ਹੈ ਕਿ ਹਾਦਸੇ ਤੋਂ ਬਾਅਦ ਗਾਇਕ ਨੂੰ ਪਹਿਲਾ ਪੰਚਕੂਲਾ ਲਿਜਾਇਆ ਗਿਆ ਸੀ ਪਰ ਉੱਥੋ ਦੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਅਤੇ ਫਿਰ ਗਾਇਕ ਨੂੰ ਮੁਹਾਲੀ ਦੇ ਹਸਪਤਾਲ ਲਿਜਾਇਆ ਗਿਆ ਸੀ। ਉਸ ਦਿਨ ਤੋਂ ਗਾਇਕ ਦਾ ਇਲਾਜ ਚੱਲ ਰਿਹਾ ਸੀ। ਇਸ ਦੌਰਾਨ ਕਈ ਕਲਾਕਾਰ ਅਤੇ ਪ੍ਰਸ਼ੰਸਕ ਗਾਇਕ ਨੂੰ ਮਿਲਣ ਪਹੁੰਚ ਰਹੇ ਸੀ ਅਤੇ ਗਾਇਕ ਦੀ ਸਿਹਤਯਾਬੀ ਲਈ ਅਰਦਾਸ ਕਰ ਰਹੇ ਸੀ। ਇਸਦੇ ਨਾਲ ਹੀ, ਪਰਿਵਾਰ ਵੱਲੋ ਵੀ ਅਖੰਡ ਪਾਠ ਰੱਖੇ ਗਏ ਸੀ। ਪਰ ਗਾਇਕ ਦੀ ਸਿਹਤ ਵਿੱਚ ਕੋਈ ਵੀ ਸੁਧਾਰ ਨਹੀਂ ਹੋ ਰਿਹਾ ਸੀ। ਲਗਾਤਾਰ ਕਰੀਬ 10 ਦਿਨ ਮੌਤ ਅਤੇ ਜ਼ਿੰਦਗੀ ਦੀ ਲੜਾਈ ਲੜ੍ਹ ਰਹੇ ਗਾਇਕ ਨੇ ਅੱਜ ਆਪਣਾ ਦਮ ਤੋੜ ਦਿੱਤਾ। ਇਸ ਖਬਰ ਨਾਲ ਵੱਡੇ-ਵੱਡੇ ਕਲਾਕਾਰਾਂ ਅਤੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਇਕਲੌਤੇ ਪੁੱਤਰ ਰਾਜਵੀਰ ਜਵੰਦਾ
ਪੰਜਾਬ ਦੇ ਉਦਯੋਗਿਕ ਜ਼ਿਲ੍ਹੇ ਲੁਧਿਆਣਾ ਦੀ ਜਗਰਾਉਂ ਤਹਿਸੀਲ ਦੇ ਪਿੰਡ ਪੋਨਾ ਨਾਲ ਸਬੰਧ ਰੱਖਦੇ ਗਾਇਕ ਰਾਜਵੀਰ ਜਵੰਦਾ ਆਪਣੇ ਪਰਿਵਾਰ ਦੇ ਇਕਲੌਤੇ ਪੁੱਤਰ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਮਾਤਾ ਸ਼੍ਰੀਮਤੀ ਕਰਮਜੀਤ ਕੌਰ ਤੋਂ ਇਲਾਵਾ ਪਤਨੀ ਅਤੇ ਗਾਇਕ ਦੇ ਬੇਟਾ-ਬੇਟੀ ਹਨ। ਜਿਕਰਯੋਗ ਹੈ ਕਿ ਗਾਇਕ ਦੇ ਪਿਤਾ ਸਵ. ਕਰਮ ਸਿੰਘ ਕਿਸਾਨ ਅੰਦੋਲਨ ਦੌਰਾਨ ਸਾਲ 2021 ‘ਚ ਅਚਾਨਕ ਅਕਾਲ ਚਲਾਣਾ ਕਰ ਗਏ ਸਨ, ਜੋ ਪੰਜਾਬ ਪੁਲਸ ਵਿੱਚ ਮੁਲਾਜਮ ਸੀ।
ਸਾਲ 2014 ‘ਚ ਰਿਲੀਜ਼ ਹੋਏ ਆਪਣੇ ਪਹਿਲੇ ਸਿੰਗਲ ‘ਮੁੰਡਾ ਲਾਈਕ ਮੀ’ ਨਾਲ ਸੰਗੀਤਕ ਪਿੜ੍ਹ ‘ਚ ਪਛਾਣ ਬਣਾਉਣ ਵਾਲੇ ਰਾਜਵੀਰ ਜਵੰਦਾ ਦਾ ਹਰ ਗੀਤ ਪੰਜਾਬੀਅਤ ਕਦਰਾਂ ਕੀਮਤਾਂ, ਆਪਣੇ ਵਿਰਸੇ ਅਤੇ ਆਪਸੀ ਰਿਸ਼ਤਿਆਂ ਨੂੰ ਸਮਰਪਿਤ ਰਿਹਾ। ਉਨ੍ਹਾਂ ਦੇ ਚਾਰਟ ਬਸਟਰ ਰਹੇ ਗਾਣਿਆ ਵਿੱਚ ‘ਧੀਆਂ’, ‘ਜੰਮੇ ਨਾਲ ਦੇ’, ‘ਸਕੂਨ’, ‘ਕੰਗਣੀ’, ‘ਸਰਦਾਰੀ’, ‘ਮਾਵਾਂ’, ‘ਪਟਿਆਲੇ ਆਲੇ’, ‘ਪੰਜਾਬਣ’, ‘ਜੋਗੀਆ’, ‘ਸੋ ਸਤਿਗੁਰ ਮੇਰੇ ਨਾਲ ਹੈ’ ਆਦਿ ਸ਼ਾਮਿਲ ਰਹੇ।
ਪਾਲੀਵੁੱਡ ਗਲਿਆਰਿਆ ਵਿੱਚ ਮਚਾਈ ਧਮਾਲ
ਪੰਜਾਬ ਦੇ ਉੱਚ ਕੋਟੀ ਕਲਾਕਾਰਾਂ ਵਿੱਚ ਆਪਣੀ ਮੌਜੂਦਗੀ ਦਰਜ਼ ਕਰਵਾਉਣ ਵਾਲੇ ਰਾਜਵੀਰ ਜਵੰਦਾ ਪਾਲੀਵੁੱਡ ਗਲਿਆਰਿਆਂ ਵਿੱਚ ਆਪਣੇ ਸ਼ਾਨਦਾਰ ਵਜ਼ੂਦ ਦਾ ਅਹਿਸਾਸ ਕਰਵਾਉਣ ਵਿੱਚ ਸਫ਼ਲ ਰਹੇ। ਉਨ੍ਹਾਂ ਵੱਲੋ ਪੰਜਾਬੀ ਫ਼ਿਲਮਾਂ ‘ਮਿੰਦੋ ਤਹਿਸੀਲਦਾਰਨੀ’, ‘ਜਿੰਦਜਾਨ’ ਅਤੇ ‘ਸੂਬੇਦਾਰ ਜੋਗਿੰਦਰ ਸਿੰਘ’ ‘ਚ ਨਿਭਾਈਆਂ ਲੀਡ ਭੂਮਿਕਾਵਾਂ ਨੂੰ ਦਰਸ਼ਕਾਂ ਦੁਆਰਾ ਕਾਫ਼ੀ ਪਸੰਦ ਕੀਤਾ ਗਿਆ। ਲੱਗਭਗ ਇੱਕ ਦਹਾਕੇ ਤੋਂ ਵੀ ਜਿਆਦਾ ਸਮੇਂ ਤੋਂ ਪੰਜਾਬੀ ਸੰਗੀਤ ਦੇ ਖੇਤਰ ਵਿੱਚ ਛਾਏ ਗਾਇਕ ਰਾਜਵੀਰ ਜਾਵੰਦਾ ਨੇ ਗੈਰ ਮਿਆਰੀ ਗਾਇਕੀ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ ਅਤੇ ਹਮੇਸ਼ਾ ਮਿਆਰੀ ਗਾਇਕੀ ਨੂੰ ਹੀ ਤਰਜੀਹ ਦਿੱਤੀ। ਇਸ ਸਬੰਧਤ ਅਪਣਾਏ ਮਾਪਦੰਡਾਂ ਦੀ ਝਲਕ ਉਨ੍ਹਾਂ ਦੇ ਹਰ ਮਿਊਜ਼ਿਕ ਵੀਡੀਓ ਵਿੱਚ ਨਜ਼ਰ ਆਉਦੀ ਸੀ।
ਬਾਈਕ ਦਾ ਸ਼ੌਂਕ ਹੀ ਬਣਿਆ ਅਣਹੋਣੀ ਦਾ ਸਬੱਬ
ਰਾਜਵੀਰ ਜਾਵੰਦਾ ਬਾਇਕ ਰਾਈਡਿੰਗ ਦੇ ਸ਼ੌਕੀਨ ਅੱਲੜ੍ਹ ਉਮਰ ਤੋਂ ਹੀ ਰਹੇ ਸਨ। ਉਨ੍ਹਾਂ ਵੱਲੋਂ ਹਾਲ ਹੀ ਵਿੱਚ ਬਾਇਕ BMW Adventure R 1250 GS ਖਰੀਦੀ ਗਈ ਸੀ, ਜਿਸਦੀ ਬਜ਼ਾਰੀ ਕੀਮਤ ਕਰੀਬ 23 ਲੱਖ ਸੀ ਅਤੇ ਇਹ ਐਡਵਾਂਸ ਬ੍ਰੇਕ ਤਕਨੀਕ ਨਾਲ ਲੈਸ ਮੰਨੀ ਜਾਂਦੀ ਹੈ। ਇਸ ਤੋਂ ਪਹਿਲਾ ਵੀ ਉਹ ਸਰਵਉਤਮ ਅਤੇ ਮਹਿੰਗੀਆਂ ਬਾਈਕ ਦਾ ਸਫ਼ਰ ਹੰਢਾਂ ਚੁੱਕੇ ਸਨ ਅਤੇ ਇਸੇ ਸਬੰਧਤ ਲੇਹ ਲੱਦਾਖ ਤੋਂ ਭਾਰਤ ਦੇ ਕਈ ਹਿੱਸਿਆਂ ਦਾ ਗਾਇਕ ਸਫ਼ਰ ਕਰ ਚੁੱਕੇ ਸਨ। ਪਰਿਵਾਰਕ ਕਰੀਬੀਆਂ ਅਤੇ ਦੋਸਤਾਂ ਅਨੁਸਾਰ, ਰਾਜਵੀਰ ਜਵੰਦਾ ਦੀ ਹੋਣੀ ਹੀ ਉਨ੍ਹਾਂ ਨੂੰ ਉਸ ਦਿਨ ਹਿਮਾਚਲ ਖਿੱਚ ਕੇ ਲੈ ਗਈ ਜਦਕਿ ਉਨ੍ਹਾਂ ਦੀ ਪਤਨੀ ਵੱਲੋਂ ਉਸ ਦਿਨ ਕਈ ਵਾਰ ਗਾਇਕ ਨੂੰ ਬਾਇਕ ‘ਤੇ ਨਾ ਜਾਣ ਲਈ ਰੋਕਿਆ ਵੀ ਗਿਆ ਸੀ ਪਰ ਹਰ ਵਾਰ ਦੀ ਤਰ੍ਹਾਂ ਗਾਇਕ ਹੱਸ ਕੇ ਹਿਮਾਚਲ ਲਈ ਰਵਾਨਾ ਹੋ ਗਏ।