
ਡਿਪਟੀ ਕਮਿਸ਼ਨਰ ਨੇ ਸਿੰਗਲ ਵਿੰਡੋ ਕਲੀਅਰੈਂਸ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ
ਸੰਜੀਵ ਜਿੰਦਲ
ਮਾਨਸਾ, 5 ਮਾਰਚ 2025 :ਇਨਵੈਸਟ ਪੰਜਾਬ ਬਿਜ਼ਨਸ ਫਸਟ ਪੋਰਟਲ ’ਤੇ ਸਿੰਗਲ ਵਿੰਡੋ ਕਲੀਅਰੈਂਸ ਤਹਿਤ ਵੱਖ ਵੱਖ ਵਿਭਾਗਾਂ ਨਾਲ ਸਬੰਧਤ ਦਰਖ਼ਾਸਤਾਂ ਅਪਲੋਡ ਹੁੰਦੀਆਂ ਹਨ, ਜਿੰਨ੍ਹਾਂ ਦਾ ਸਬੰਧਤ ਵਿਭਾਗਾਂ ਵੱਲੋਂ ਨਿਰਧਾਰਤ ਸਮੇਂ ਅੰਦਰ ਨਿਪਟਾਰਾ ਕਰਨਾ ਲਾਜ਼ਮੀ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਵੱਖ ਵੱਖ ਵਿਭਾਗੀ ਅਧਿਕਾਰੀਆਂ ਨਾਲ ਸਿੰਗਲ ਵਿੰਡੋ ਸਿਸਟਮ ’ਤੇ ਆਉਣ ਵਾਲੀਆਂ ਦਰਖ਼ਾਸਤਾਂ ਦੀ ਸਮੀਖਿਆ ਕਰਦਿਆਂ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਨਿਰਧਾਰਤ ਸਮੇਂ ਅਨੁਸਾਰ ਪੈਂਡਿੰਗ ਦਰਖ਼ਾਸਤਾਂ ਦਾ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਹਾਜ਼ਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸੇ ਕਾਰਨ ਕੋਈ ਦਰਖ਼ਾਸਤ ਪੋਰਟਲ ’ਤੇ ਲੋੜੀਂਦੀ ਪ੍ਰਕਿਰਿਆ ਕਰਨ ਤੋਂ ਬਾਅਦ ਵੀ ਪੈਂਡਿੰਗ ਦਿਖਾਈ ਦਿੰਦੀ ਹੈ ਤਾਂ ਇਸ ਸਬੰਧੀ ਤੁਰੰਤ ਜਨਰਲ ਮੈਨੇਜ਼ਰ ਜ਼ਿਲ੍ਹਾ ਉਦਯੋਗ ਕੇਂਦਰ ਨੂੰ ਸੂਚਿਤ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦਸਤਾਵੇਜ਼ ਦੀ ਘਾਟ ਕਾਰਨ ਕੋਈ ਦਰਖ਼ਾਸਤ ਕਾਰਵਾਈ ਤੋਂ ਅਧੂਰੀ ਰਹਿ ਜਾਂਦੀ ਹੈ ਤਾਂ ਸਬੰਧਤ ਇਨਵੈਸਟਰ ਪਾਸੋਂ ਲੋੜੀਂਦੇ ਇਤਰਾਜ਼ ਦੂਰ ਕਰਵਾ ਕੇ ਅਗਲੇਰੀ ਕਾਰਵਾਈ ਯਕੀਨੀ ਬਣਾਈ ਜਾਵੇ ਤਾਂ ਜੋ ਕੋਂਈ ਵੀ ਦਰਖ਼ਾਸਤ ਨਿਰਧਾਰਤ ਸਮੇਂ ਤੋਂ ਬਾਅਦ ਪੈਡਿੰਗ ਨਾ ਰਹੇ।
ਇਸ ਮੌਕੇ ਜਨਰਲ ਮੈਨੇਜ਼ਰ, ਜ਼ਿਲ੍ਹਾ ਉਦਯੋਗ ਕੇਂਦਰ ਸੁਤੰਤਰਜੋਤ ਸਿੰਘ ਤੋਂ ਇਲਾਵਾ ਡਾਇਰੈਕਟਰ ਆਫ ਫੈਕਟਰੀਜ਼, ਕਿਰਤ ਵਿਭਾਗ, ਨਗਰ ਕੌਂਸਲ ਮਾਨਸਾ ਅਤੇ ਸਹਿਕਾਰੀ ਸਭਾਵਾਂ, ਮਾਨਸਾ ਦੇ ਨੁਮਾਇੰਦੇ ਹਾਜ਼ਰ ਸਨ।

