
ਸੰਜੀਵ ਜਿੰਦਲ
ਮਾਨਸਾ, 5 ਮਾਰਚ 2025 : ਕੰਟਰੈਕਟ ਮਲਟੀਪਰਪਜ ਹੈਲਥ ਵਰਕਰ (ਫੀਮੇਲ) ਯੂਨੀਅਨ ਪੰਜਾਬ ਤਹਿਤ ਅੱਜ ਮਾਨਸਾ ਜ਼ਿਲ੍ਹੇ ਵਿੱਚ ਗਠਿਤ ਸਾਂਝੀ ਕਮੇਟੀ ਵੱਲੋਂ ਸਿਵਲ ਸਰਜਨ ਮਾਨਸਾ ਨੂੰ ਇੱਕ ਮੈਮੋਰੰਡਮ ਸੌਂਪਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਰਾਜਵਿੰਦਰ ਕੌਰ ਅਤੇ ਮੀਤ ਪ੍ਰਧਾਨ ਸੁਖਜੀਤ ਕੌਰ ਨੇ ਦੱਸਿਆ ਕਿ ਮਹਿਲਾ ਦਿਸਵ ਮੌਕੇ ਕੰਟਰੈਕਟ ਮਲਟੀਪਰਪਜ ਹੈਲਥ ਵਰਕਰ (ਫੀਮੇਲ) ਯੂਨੀਅਨ ਪੰਜਾਬ ਵੱਲੋਂ ਪਟਿਆਲਾ ਵਿਖੇ ਇੱਕ ਰੋਸ਼ ਰੈਲੀ ਕੀਤੀ ਜਾਵੇਗੀ ਅਤੇ ਸਿਹਤ ਮੰਤਰੀ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ ।
ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਨੂੰ ਯਾਦ ਦਿਵਾਉਣਾ ਚਾਹੁੰਦੇ ਹਾਂ ਕਿ 6 ਜੁਲਾਈ 2024 ਨੂੰ ਹੋਟਲ ਕਬਾਨਾ (ਫਗਵਾੜਾ) ਜੰਲਧਰ ਵਿਖੇ ਸਾਡੀ ਯੂਨੀਅਨ ਨਾਲ ਹੋਈ ਮੀਟਿੰਗ ਵਿੱਚ ਸਾਡੀਆਂ ਕਈ ਜਾਇਜ ਮੰਗਾਂ ਤੇ ਉਨ੍ਹਾਂ ਵੱਲੋਂ ਸਹਿਮਤੀ ਪ੍ਰਗਟਾਈ ਗਈ ਸੀ। ਪਰ ਅਫਸੋਸ਼ ਕਿ ਨਾ ਤਾਂ ਅੱਜ ਤੱਕ ਸਾਡੀ ਕਿਸੇ ਮੰਗ ਤੇ ਕੋਈ ਵਿਭਾਗੀ ਕਾਰਵਾਈ ਹੋਈ ਹੈ ਅਤੇ ਨਾ ਹੀ ਸਾਡੇ ਵੱਲੋ ਵਾਰ ਵਾਰ ਈਮੇਲਾਂ ਰਾਹੀਂ ਮੰਗ ਪੱਤਰ ਭੇਜੇ ਜਾਣ ਦੇ ਬਾਵਜੂਦ ਉਨ੍ਹਾਂ ਦੇ ਦਫਤਰ ਵੱਲੋਂ ਕੋਈ ਵੀ ਮੀਟਿੰਗ ਦਾ ਸਮਾਂ ਦਿੱਤਾ ਗਿਆ। ਇਸ ਦੇ ਉਲਟ ਸਿਹਤ ਵਿਭਾਗ ਦੇ ਜਿਮੇਂਵਾਰ ਮੰਤਰੀ ਹੋਣ ਦੇ ਨਾਤੇ ਸਾਡੀਆਂ ਫੋਨ ਕਾਲਾਂ ਨੂੰ ਵੀ ਅਣਗੋਲਿਆ ਕੀਤਾ ਜਾਂਦਾ ਰਿਹਾ ਹੈ। ਇਸ ਦੇ ਰੋਸ ਵੱਜੋਂ ਅਸੀਂ ਮਹਿਲਾਂ ਕਰਮਚਾਰੀ 8 ਮਾਰਚ 2025 ਨੂੰ ਮਹਿਲਾਂ ਦਿਸਵ ਮੋਕੇ ਸਿਹਤ ਮੰਤਰੀ ਦੀ ਪਟਿਆਲਾ ਵਿਖੇ ਕੋਠੀ ਦਾ ਘਿਰਾਓ ਕਰਾਂਗੇ ਅਤੇ ਉਨ੍ਹਾਂ ਵੱਲੋਂ ਕੀਤੇ ਵਾਆਦੇ ਅਤੇ ਜਿਮੇਂਵਾਰੀ ਯਾਦ ਕਰਵਾਗੇਂ। ਜੇਕਰ ਇਸ ਦੇ ਬਾਵਜੂਦ ਸਾਡੀ ਅਵਾਜ਼ ਨੂੰ ਅਣਗੋਲੀਆ ਕੀਤਾ ਜਾਂਦਾ ਹੈ ਤਾਂ ਅਸੀਂ ਆਉਣ ਵਾਲੇ ਦਿਨਾਂ ਵਿੱਚ ਟੀਕਾਕਰਣ, ਯੂਵਿਨ, ਅਨਮੋਲ ਦਾ ਆਨਲਾਈਨ ਕੰਮ ਅਤੇ ਵਾਧੂ ਸੈਂਟਰਾਂ ਦੇ ਕੰਮਾਂ ਦਾ ਪੂਰਨ ਤੋਰ ਤੇ ਬਾਈਕਾਟ ਕਰਨ ਲਈ ਮਜਬੂਰ ਹੋਵਾਂਗੇ। ਜਿਸ ਦੀ ਜਿਮੇਂਵਾਰੀ ਸਿਹਤ ਮੰਤਰੀ ਅਤੇ ਪੰਜਾਬ ਸਰਕਾਰ ਦੀ ਹੋਵੇਗੀ।
ਇਸ ਮੌਕੇ ਰਾਣੀ ਕੌਰ, ਸੁਖਪਾਲ ਕੌਰ, ਮਲਕੀਤ ਕੌਰ, ਰਾਜਵੀਰ ਕੌਰ, ਰੀਟਾ ਰਾਣੀ, ਕਿਰਨਜੀਤ ਕੌਰ, ਕਰਮਜੀਤ ਕੌਰ, ਗੁਰਪ੍ਰੀਤ ਕੌਰ, ਵਰਿੰਦਰ ਕੌਰ, ਕੁਲਵਿੰਦਰ ਕੌਰ , ਮਨਜੀਤ ਕੌਰ ਆਦਿ ਹਾਜ਼ਰ ਸਨ।

