ਡਿਪਟੀ ਕਮਿਸ਼ਨਰ ਨੇ ਰਜਿਸਟਰੇਸ਼ਨ ਲਈ 06 ਕਾਨੂੰਗੋਆਂ ਨੂੰ ਕੀਤਾ ਅਧਿਕਾਰਤ

ਤਹਿਸੀਲ ਦਫ਼ਤਰ ਮਾਨਸਾ ਵਿਖੇ ਰਜਿਸਟਰੀਆਂ ਦੇ ਕੰਮ ਦਾ ਲਿਆ ਜਾਇਜ਼ਾ
ਸੰਜੀਵ ਜਿੰਦਲ
ਮਾਨਸਾ, 05 ਮਾਰਚ 2025 : ਜ਼ਿਲ੍ਹੇ ਦੇ ਤਹਿਸੀਲ ਕੰਪਲੈਕਸਾਂ ਵਿਚ ਰਜਿਸਟਰੀਆਂ ਦਾ ਕੰਮ ਨਿਰਵਿਘਨ ਜਾਰੀ ਰਹੇਗਾ ਅਤੇ ਲੋਕਾਂ ਨੂੰ ਮਾਲ ਵਿਭਾਗ ਦੇ ਦਫ਼ਤਰਾਂ ਵਿਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ, ਆਈ.ਏ.ਐਸ. ਨੇ ਤਹਿਸੀਲ ਦਫ਼ਤਰ ਮਾਨਸਾ ਵਿਖੇ ਅਚਨਚੇਤ ਦੌਰਾ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਆਕਾਸ਼ ਬਾਂਸਲ ਵੀ ਮੌਜੂਦ ਸਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿਚ ਰਜਿਸਟਰੇਸ਼ਨ ਦੇ ਕੰਮ ਲਈ 06 ਕਾਨੂੰਗੋਆਂ ਨੂੰ ਅਧਿਕਾਰਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰਜਿਸਟਰੀਆਂ ਅਤੇ ਪਾਵਰ ਆਫ਼ ਅਟਾਰਨੀ ਦਾ ਕੰਮ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਉਹ ਖੁਦ ਤਹਿਸੀਲ ਕੰਪਲੈਕਸਾਂ ਵਿਚ ਜਾ ਕੇ ਰਜਿਸਟਰੀਆਂ ਦੇ ਕੰਮ ਦੀ ਸਮੀਖਿਆ ਅਤੇ ਲੋਕਾਂ ਨਾਲ ਗੱਲਬਾਤ ਕਰਨਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ ਨਾਗਰਿਕ ਸਹੂਲਤਾਂ ਬਿਨ੍ਹਾਂ ਕਿਸੇ ਦਿੱਕਤ ਤੋਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਲੋਕ ਆਪਣੀਆਂ ਜ਼ਾਇਦਾਦਾ ਦੀ ਰਜਿਸਟਰੇਸ਼ਨ ਸੋਖਾਲੇ ਢੰਗ ਨਾਲ ਹੀ ਕਰਵਾ ਸਕਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੀ ਹਦਾਇਤ ਕੀਤੀ ਜਾ ਚੁੱਕੀ ਹੈ ਤਾਂ ਜੋ ਪੂਰੀ ਪਾਰਦਰਸ਼ਤਾ ਨਾਲ ਲੋਕਾਂ ਦੇ ਕੰਮਾਂ ਨੂੰ ਯਕੀਨੀ ਬਣਾਇਆ ਜਾ ਸਕੇ।
ਡਿਪਟੀ ਕਮਿਸ਼ਨਰ-ਕਮ-ਰਜਿਸਟਰਾਰ ਸ੍ਰ ਕੁਲਵੰਤ ਸਿੰਘ ਨੇ ਪੰਜਾਬ ਰਜਿਸਟਰੇਸ਼ਨ ਐਕਟ ਤਹਿਤ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ 06 ਕਰਮਚਾਰੀਆਂ ਨੂੰ ਰਜਿਸਟਰੇਸ਼ਨ ਦੇ ਕੰਮ ਦਾ ਅਧਿਕਾਰ ਦਿੱਤਾ ਹੈ।
ਜਾਰੀ ਹੁਕਮਾਂ ਅਨੁਸਾਰ ਬਲਕਾਰ ਸਿੰਘ ਕਾਨੂੰਗੋ ਹਲਕਾ ਜੋਗਾ ਨੂੰ ਦਫ਼ਤਰ ਸਬ ਰਜਿਸਟਰਾਰ, ਮਾਨਸਾ ਦਾ ਚਾਰਜ ਦਿੱਤਾ ਗਿਆ ਹੈ। ਇਸੇ ਤਰ੍ਹਾਂ ਕੁਲਦੀਪ ਕੌਰ ਦਫ਼ਤਰ ਕਾਨੂੰਗੋ, ਮਾਨਸਾ ਨੂੰ ਦਫ਼ਤਰ ਜੁਆਇੰਟ ਸਬ ਰਜਿਸਟਰਾਰ, ਜੋਗਾ, ਗਿਰਧਾਰੀ ਲਾਲ ਕਾਨੂੰਗੋ ਹਲਕਾ ਬੋਹਾ ਨੂੰ ਦਫ਼ਤਰ ਸਬ ਰਜਿਸਟਰਾਰ, ਬੁਢਲਾਡਾ, ਮਲਕੀਤ ਸਿੰਘ ਕਾਨੂੰਗੋ ਹਲਕਾ ਫਫੜੇ ਭਾਈ ਕੇ ਨੂੰ ਦਫ਼ਤਰ ਜੁਆਇੰਟ ਸਬ ਰਜਿਸਟਰਾਰ, ਬਰੇਟਾ, ਕਰਮਜੀਤ ਸਿੰਘ ਦਫ਼ਤਰ ਕਾਨੂੰਗੋ ਹਲਕਾ ਸਰਦੂਲਗੜ੍ਹ ਨੂੰ ਦਫ਼ਤਰ ਸਬ ਰਜਿਸਟਰਾਰ ਸਰਦੂਲਗੜ੍ਹ ਅਤੇ ਪੁਸ਼ਪਿੰਦਰ ਸਿੰਘ ਕਾਨੂੰਗੋ ਐਨ.ਐਸ.ਕੇ 3 ਸਦਰ ਦਫ਼ਤਰ ਨੂੰ ਦਫ਼ਤਰ ਜੁਆਇੰਟ ਸਬ ਰਜਿਸਟਰਾਰ, ਝੁਨੀਰ ਦਾ ਚਾਰਜ ਦਿੱਤਾ ਗਿਆ ਹੈ।

