ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਲੋਕ ਸਭਾ ਚੋਣਾਂ ਦਾ ਬਿਗਲ ਵੱਜਦਿਆਂ ਹੀ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਪੱਬਾਂ ਭਾਰ ਹੋ ਗਈਆਂ। ਟਿਕਟਾਂ ਦੀ ਵੰਡ ਨੂੰ ਲੈ ਕੇ ਹਰੇਕ ਪਾਰਟੀ ਵਿੱਚ ਕਾਟੋ ਕਲੇਸ਼ ਚੱਲ ਰਿਹਾ ਹੈ। ਜਿਸ ਕਾਰਨ ਹਰੇਕ ਪਾਰਟੀ ਵਿੱਚ ਦਲ ਬਦਲੂਆਂ ਦਾ ਆਉਣਾ ਜਾਣਾ ਲੱਗਿਆ ਹੋਇਆ ਹੈ। ਇਹ ਸਾਫ ਦਿਖਾਈ ਦੇ ਰਿਹਾ ਹੈ ਕਿ ਹਰੇਕ ਰਾਜਨੀਤਿਕ ਪਾਰਟੀ ਦਲ ਬਦਲੂਆਂ ਤੇ ਹੀ ਆਪਣਾ ਦਾਅ ਖੇਡ ਰਹੀ ਹੈ। ਪੰਜਾਬ ਦੀ ਬਠਿੰਡਾ ਲੋਕ ਸਭਾ ਸੀਟ ’ਤੇ ਸ਼੍ਰੋਮਣੀ ਅਕਾਲੀ ਦਲ ਨੇ ਬੀਬਾ ਹਰਸਿਮਰਤ ਕੌਰ ਬਾਦਲ ਦੀ ਟਿਕਟ ਦਾ ਐਲਾਨ ਕਰ ਦਿੱਤਾ, ਜਦੋਂਕਿ ਪਹਿਲਾਂ ਹੋਰ ਉਮੀਦਵਾਰਾਂ ਦੀਆਂ ਚਰਚਾਵਾਂ ਚੱਲ ਰਹੀਆਂ ਸਨ। ਪੰਜਾਬ ਦੇ ਬਠਿੰਡਾ ਦੀ ਲੋਕ ਸਭਾ ਸੀਟ ਹੋਟ ਸੀਟ ਬਣ ਚੁੱਕੀ ਹੈ। ਇਥੋਂ ਜੋ ਵੱਖ ਵੱਖ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨੇ ਹਨ ਉਨਾਂ ਦਾ ਪਿਛੋਕੜ ਅਕਾਲੀ ਦਲ ਨਾਲ ਸੰਬੰਧਿਤ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਬਠਿੰਡਾ ਸੀਟ ਤੇ ਚਾਰੋਂ ਅਕਾਲੀ ਇੱਕ ਦੂਜੇ ਦੇ ਆਮੋ ਸਾਹਮਣੇ ਹਨ। ਉਹ ਕਹਿੰਦੇ ਹਨ ਕਿ ‘ਕੁੰਢੀਆਂ ਦੇ ਸਿੰਗ ਫਸ ਗਏ ਹੁਣ ਨਿਤਰੂ ਵੜੇਵੇਂ ਖਾਣੀ।’
ਹੁਣ ਬੀਬਾ ਬਾਦਲ ਦੇ ਮੈਦਾਨ ’ਚ ਆਉਣ ਤੋਂ ਬਾਅਦ ਜੋ ਤਸਵੀਰ ਸਾਹਮਣੇ ਆਈ ਹੈ, ਉਸ ਵਿਚ ਬਠਿੰਡੇ ’ਚ ਚੋਣ ਲੜ ਰਹੇ ਚਾਰੇ ਪਾਰਟੀਆਂ ਦੇ ਉਮੀਦਵਾਰਾਂ ਦਾ ਪਿਛੋਕੜ ਅਕਾਲੀ ਦਲ ਨਾਲ ਸਬੰਧਤ ਹੈ। ਜੇਕਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੇ ਪਿਤਾ ਸਵ. ਜਗਦੇਵ ਸਿੰਘ ਖੁੱਡੀਆਂ ਅਕਾਲੀ ਦਲ ਦੀ ਸਰਕਾਰ ਮੌਕੇ ਮੰਡੀ ਬੋਰਡ ਦੇ ਚੇਅਰਮੈਨ ਰਹੇ।
ਇਸੇ ਤਰ੍ਹਾਂ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਤਲਵੰਡੀ ਸਾਬੋ ਤੋਂ ਚੋਣ ਲੜ ਚੁੱਕੇ ਹਨ।
ਤੀਜਾ ਉਮੀਦਵਾਰ ਭਾਜਪਾ ਤੋਂ ਬੀਬਾ ਪਰਮਪਾਲ ਕੌਰ ਮਲੂਕਾ ਜੋ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਅਤੇ ਗੁਰਪ੍ਰੀਤ ਸਿੰਘ ਮਲੂਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਦੀ ਧਰਮ ਪਤਨੀ ਹਨ। ਇਸ ਤਰੀਕੇ ਨਾਲ ਬੀਬਾ ਬਾਦਲ ਨਾਲ ਚੋਣ ਮੈਦਾਨ ’ਚ ਦਸਤਪੰਜਾ ਲੈਣ ਵਾਸਤੇ ਉਤਰੇ ਕਾਂਗਰਸ, ‘ਆਪ’’ ਅਤੇ ਭਾਜਪਾ ਦੇ ਉਮੀਦਵਾਰਾਂ ਦਾ ਅਕਾਲੀ ਦਲ ਨਾਲ ਪਿਛੋਕੜ ਕਿਸੇ ਤੋਂ ਲੁਕਿਆ ਨਹੀਂ ਹੈ।