ਬਿਊਰੋ, ਪ੍ਰਾਈਮ ਪੋਸਟ ਪੰਜਾਬ
ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਅੰਮ੍ਰਿਤਸਰ ਆ ਰਹੇ ਹਨ। ਉਹ ਨਿੱਜੀ ਦੌਰੇ ‘ਤੇ ਸਵੇਰੇ ਕਰੀਬ 10.30 ਵਜੇ ਗੁਰੂਨਗਰ ਪਹੁੰਚਣਗੇ। ਜ਼ਿਲ੍ਹਾ ਕਾਂਗਰਸ ਪਾਰਟੀ ਦੇ ਪ੍ਰਧਾਨ ਅਸ਼ਵਨੀ ਕੁਮਾਰ ਪੱਪੂ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਦੀ ਯੋਜਨਾ ਹੈ।
ਪੱਪੂ ਨੇ ਕਿਹਾ ਕਿ ਪਾਰਟੀ ਵੱਲੋਂ ਹਦਾਇਤਾਂ ਹਨ ਕਿ ਰਾਹੁਲ ਗਾਂਧੀ ਦੇ ਨਿੱਜੀ ਪ੍ਰੋਗਰਾਮ ਵਿੱਚ ਕੋਈ ਵੀ ਆਗੂ ਹਾਜ਼ਰ ਨਾ ਹੋਵੇ। ਇਸ ਲਈ ਪਾਰਟੀ ਦਾ ਕੋਈ ਵੀ ਆਗੂ ਰਾਹੁਲ ਗਾਂਧੀ ਦੇ ਨਿੱਜੀ ਪ੍ਰੋਗਰਾਮ ਵਿੱਚ ਹਿੱਸਾ ਨਹੀਂ ਲਵੇਗਾ। ਰਾਹੁਲ ਗਾਂਧੀ ਵੱਖ-ਵੱਖ ਧਾਰਮਿਕ ਸਥਾਨਾਂ ‘ਤੇ ਵੀ ਮੱਥਾ ਟੇਕਣਗੇ।
ਕਾਂਗਰਸ ਦੇ ਇੱਕ ਸੀਨੀਅਰ ਆਗੂ ਨੇ ਦੱਸਿਆ ਕਿ ਸੋਮਵਾਰ ਨੂੰ ਖਹਿਰਾ ਖ਼ਿਲਾਫ਼ ‘ਆਪ’ ਸਰਕਾਰ ਦੀ ਕਾਰਵਾਈ ਤੋਂ ਇਲਾਵਾ ਰਾਹੁਲ ਗਾਂਧੀ ਨੂੰ ਉਨ੍ਹਾਂ ਪਾਰਟੀ ਆਗੂਆਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ ਜਿਨ੍ਹਾਂ ਖ਼ਿਲਾਫ਼ ‘ਆਪ’ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਜਾਂਚ ਸ਼ੁਰੂ ਕਰਕੇ ਜੇਲ੍ਹ ਵਿੱਚ ਡੱਕ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਖਹਿਰਾ ਦੀ ਗ੍ਰਿਫ਼ਤਾਰੀ ਸਬੰਧੀ ਆਪਣਾ ਇਤਰਾਜ਼ ਪ੍ਰਗਟਾਇਆ ਹੈ ਅਤੇ ਉਹ ਇਹ ਮੁੱਦਾ ਰਾਹੁਲ ਗਾਂਧੀ ਕੋਲ ਉਠਾਉਣਗੇ ਅਤੇ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਦੀਆਂ ‘ਆਪ’ ਦੀਆਂ ਸਿਆਸੀ ਚਾਲਾਂ ਦਾ ਵਿਰੋਧ ਕਰਨ ਦੀ ਮੰਗ ਕਰਨਗੇ।