ਬਿਊਰੋ, ਪ੍ਰਾਈਮ ਪੋਸਟ ਪੰਜਾਬ
ਅੰਮ੍ਰਿਤਸਰ : ਅੰਮ੍ਰਿਤਸਰ ਦੀ ਫਤਿਹਪੁਰ ਜੇਲ੍ਹ ‘ਚ ਐਤਵਾਰ ਅੱਧੀ ਰਾਤ ਨੂੰ ਇਕ ਡਰੋਨ ਦਾਖਲ ਹੋਇਆ। ਡਰੋਨ ਦੇ ਜੇਲ੍ਹ ‘ਚ ਡਿੱਗਦੇ ਹੀ ਸਾਇਰਨ ਤੇ ਹੂਟਰ ਵੱਜਣੇ ਸ਼ੁਰੂ ਹੋ ਗਏ।ਇਸ ਦੇ ਨਾਲ ਹੀ ਜੇਲ੍ਹ ਪ੍ਰਸ਼ਾਸਨ ਨੇ ਪੁਲਿਸ ਕੰਟਰੋਲ ਰੂਮ ਨੂੰ ਹਮਲੇ ਦੀ ਸੂਚਨਾ ਦਿੱਤੀ।ਇਸ ਦੌਰਾਨ ਬੀਐੱਸਐੱਫ ਤੇ ਸੀਆਰਪੀਐੱਫ ਨੇ ਜੇਲ੍ਹ ‘ਚ ਤਲਾਸ਼ੀ ਮੁਹਿੰਮ ਚਲਾਈ।ਇਸ ਦੌਰਾਨ ਪੁਲਿਸ ਤੰਤਰ ਵੀ ਸਰਗਰਮ ਹੋ ਗਿਆ ਤੇ ਕਈ ਪੁਲਿਸ ਅਧਿਕਾਰੀ ਜੇਲ੍ਹ ਵੱਲ ਰਵਾਨਾ ਹੋ ਗਏ। ਵੱਡੇ ਹਮਲੇ ਦੀ ਸੰਭਾਵਨਾ ਦੀ ਖਬਰ ਮਿਲਦੇ ਹੀ ਪੂਰੇ ਪੰਜਾਬ ‘ਚ ਪੁਲਿਸ ਅਧਿਕਾਰੀਆਂ ਨੇ ਅਲਰਟ ਕਰ ਦਿੱਤਾ ਸੀ। ਅਜਿਹਾ ਮੰਨਿਆ ਜਾ ਰਿਹਾ ਸੀ ਕਿ ਇੱਥੇ ਅੰਮ੍ਰਿਤਸਰ ਜੇਲ੍ਹ ‘ਚ ਕਿਸੇ ਗੈਂਗਸਟਰ ‘ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਹੈ।ਪੁਲਿਸ ਅਧਿਕਾਰੀ ਕਰੀਬ 10 ਮਿੰਟ ‘ਚ ਜੇਲ੍ਹ ‘ਚ ਪਹੁੰਚ ਗਏ। ਰਾਤ ਸਵਾ ਦੋ ਵਜੇ ਜੇਲ੍ਹ ਕੰਪਲੈਕਸ ਤੋਂ ਇਕ ਟੁਆਏ ਡਰੋਨ ਬਰਾਮਦ ਕੀਤਾ ਗਿਆ।
ਪੁਲਿਸ ਅਧਿਕਾਰੀਆਂ ਨੇ ਉਸਨੂੰ ਆਪਣੀ ਹਿਰਾਸਤ ਵਿਚ ਲੈ ਲਿਆ ਹੈ।ਜਾਂਚ ਵਿਚ ਸਾਹਮਣੇ ਆਇਆ ਹੈ ਕਿ ਡਰੋਨ ਨੂੰ ਜੇਲ੍ਹ ਨੇੜੇ ਰਹਿਣ ਵਾਲੀ ਕਾਲੋਨੀ ਦੇ ਬੱਚਿਆਂ ਵੱਲੋਂ ਉਡਾਇਆ ਗਿਆ ਸੀ। ਡਰੋਨ ਆਪਣੇ ਰਿਮੋਟ ਤੋਂ ਬੇਕਾਬੂ ਹੋ ਕੇ ਜੇਲ੍ਹ ਦੀ ਚਾਰਦੀਵਾਰੀ ‘ਚ ਜਾ ਵੜਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨੇੜੇ ਹੀ ਰਹਿਣ ਵਾਲੇ ਅਨਿਲ ਨਾਂ ਦੇ ਵਿਅਕਤੀ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ।
ਜਾਂਚ ਤੋਂ ਪਤਾ ਲੱਗਾ ਹੈ ਕਿ ਅਨਿਲ ਦੀ ਬੇਟੀ ਨੇ ਰਾਤ ਨੂੰ ਖੇਡਣ ਲਈ ਇਹ ਡਰੋਨ ਉਡਾਇਆ ਸੀ, ਜੋ ਉਸ ਦੇ ਰਿਮੋਟ ਕੰਟਰੋਲ ਤੋਂ ਗੁੰਮ ਹੋ ਗਿਆ ਅਤੇ ਜੇਲ੍ਹ ਕੰਪਲੈਕਸ ‘ਚ ਦਾਖਲ ਹੋ ਗਿਆ। ਪੁਲਿਸ ਅਨਿਲ ਤੋਂ ਪੁੱਛਗਿਛ ਕਰ ਰਹੀ ਹੈ ਕਿ ਕੀ ਅਨਿਲ ਦਾ ਕਿਸੇ ਅੱਤਵਾਦੀ ਸੰਗਠਨ ਜਾਂ ਕਿਸੇ ਗੈਂਗਸਟਰ ਨਾਲ ਕੋਈ ਸਬੰਧ ਤਾਂ ਨਹੀਂ। ਫਿਲਹਾਲ ਜੇਲ੍ਹ ਪ੍ਰਸ਼ਾਸਨ ਤੇ ਪੁਲਿਸ ਅਧਿਕਾਰੀਆਂ ਨੇ ਇਸ ਘਟਨਾ ‘ਤੇ ਚੁੱਪੀ ਧਾਰੀ ਹੋਈ ਹੈ ।