ਬਿਊਰੋ, ਪ੍ਰਾਈਮ ਪੋਸਟ ਪੰਜਾਬ
ਅੰਮ੍ਰਿਤਸਰ : ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵਿਸਾਖੀ ਵਾਲੇ ਦਿਨ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ 12 ਤੋਂ 13 ਅਪ੍ਰੈਲ ਤੱਕ ਗੁਰਮਤਿ ਸਮਾਗਮ ਕਰਵਾਉਣ ਦਾ ਐਲਾਨ ਕੀਤਾ ਹੈ। ਜਥੇਦਾਰ ਵੱਲੋਂ ਗੁਰਮਤਿ ਸਮਾਗਮ ਬੁਲਾਏ ਜਾਣ ਤੋਂ ਬਾਅਦ ਆਮ ਜਨਤਾ ਵਿਚ ਜੋ ਕਿਆਸ ਲਗਾਏ ਰਹੇ ਸੀ ਕਿ ਇਸ ਦਿਨ ‘ਸਰਬੱਤ ਖ਼ਾਲਸਾ’ ਬੁਲਾਇਆ ਜਾਏਗਾ ਉਹ ਹੁਣ ਲਗਭਗ ਖਤਮ ਹੋ ਗਈ ਹੈ।
ਦੱਸ ਦਈਏ ਕਿ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਨੇ ਬੀਤੇ ਦਿਨ ਇਕ ਵੀਡੀਓ ਜਾਰੀ ਕਰ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕੀਤੀ ਸੀ ਕਿ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਵਿਸਾਖੀ ਮੌਕੇ ਸਰਬੱਤ ਖਾਲਸਾ ਬੁਲਾਇਆ ਜਾਵੇ। ਪਰ ਜਥੇਦਾਰ ਵੱਲੋਂ ਗੁਰਮਤਿ ਸਮਾਗਮ ਬੁਲਾਉਣ ਤੋਂ ਬਾਅਦ ‘ਸਰਬੱਤ ਖ਼ਾਲਸਾ’ ਸੱਦਣ ਦੀ ਅਫ਼ਵਾਹਾ ਨੂੰ ਵਿਰਾਮ ਲੱਗ ਗਿਆ ਹੈ।
ਇਹ ਵੀ ਜ਼ਿਕਰਯੋਗ ਹੈ ਕਿ ਜਥੇਦਾਰ ਨੇ ਭਲਕੇ 7 ਅਪ੍ਰੈਲ ਨੂੰ ਤਲਵੰਡੀ ਸਾਬੋ ਵਿਖੇ ਹੀ ਪੰਜਾਬ ਦੇ ਮੌਜੂਦਾ ਹਾਲਾਤ ’ਤੇ ਚਰਚਾ ਲਈ ਪ੍ਰੋਗਰਾਮ ਰੱਖਿਆ ਹੈ ਜਿਸ ਵਿਚ ਪੱਤਰਕਾਰਾਂ ਨੂੰ ਸੱਦਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਅੰਮ੍ਰਿਤਪਾਲ ਮਾਮਲੇ ਵਿਚ ਜਿਹੜੇ ਪੱਤਰਕਾਰਾਂ ਅਤੇ ਚੈਨਲਾਂ ਨੇ ਨਿਰਦੋਸ਼ ਸਿੱਖਾਂ ਦੇ ਹੱਕ ਵਿਚ ਆਵਾਜ਼ ਚੁੱਕੀ ਸੀ, ਪੰਜਾਬ ਸਰਕਾਰ ਨੇ ਉਹਨਾਂ ਦੀ ਆਵਾਜ਼ ਕਾਰਵਾਈ ਕਰ ਕੇ ਬੰਦ ਕਰ ਦਿੱਤੀ ਹੈ। ਇਸੇ ਲਈ ਹੁਣ ਮੀਟਿੰਗ ਵਿਚ ਕੌਮੀ ਹਿੱਤਾਂ ਦੀ ਪਹਿਰੇਦਾਰੀ ਵਾਸਤੇ ਸਿੱਖ ਮੀਡੀਆ ਦਾ ਯੋਗਦਾਨ, ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ, ਸਿੱਖ ਮੀਡੀਆ ਨੂੰ ਚੁਣੋਤੀਆਂ ਅਤੇ ਭਵਿੱਖ ਦੀ ਰਣਨੀਤੀ ਦੇ ਵਿਸ਼ੇ ’ਤੇ ਚਰਚਾ ਕੀਤੀ ਜਾਵੇਗੀ।