ਬਿਊਰੋ, ਪ੍ਰਾਈਮ ਪੋਸਟ ਪੰਜਾਬ
ਪੁਲਿਸ ਦੀ ਕਾਰਵਾਈ ਤੋਂ 11 ਦਿਨਾਂ ਬਾਅਦ ਅੰਮ੍ਰਿਤਪਾਲ ਸਿੰਘ ਦਾ ਪਹਿਲਾ ਵੀਡੀਓ ਸੰਦੇਸ਼ ਸਾਹਮਣੇ ਆਇਆ ਹੈ। ਉਸ ਨੇ ਫੇਸਬੁੱਕ ‘ਤੇ ਇਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ। ਇਸ ‘ਚ ਅੰਮ੍ਰਿਤਪਾਲ ਨੇ ਕਿਹਾ ਕਿ ਮੈਂ 18 ਮਾਰਚ ਤੋਂ ਬਾਅਦ ਪਹਿਲੀ ਵਾਰ ਲੋਕਾਂ ਦੇ ਸਾਹਮਣੇ ਆ ਰਿਹਾ ਹਾਂ। ਜੇਕਰ ਸਰਕਾਰ ਗ੍ਰਿਫਤਾਰ ਕਰਨਾ ਚਾਹੁੰਦੀ ਤਾਂ ਘਰੋਂ ਗ੍ਰਿਫਤਾਰ ਕਰ ਸਕਦੀ ਸੀ ਪਰ ਸੱਚੇ ਬਾਦਸ਼ਾਹ ਨੇ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ ਹੈ। ਮੇਰੀ ਗ੍ਰਿਫਤਾਰੀ ਉੱਪਰ ਵਾਲੇ ਦੇ ਹੱਥ ਹੈ।
ਅੰਮ੍ਰਿਤਪਾਲ ਨੇ ਦੱਸਿਆ ਕਿ ਉਹ ਬਿਲਕੁਲ ਠੀਕ ਹੈ। ਸਰਕਾਰ ਨੇ ਬੇਸਹਾਰਾ ਲੋਕਾਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਹੈ। ਪ੍ਰਸ਼ਾਸਨ ਨੇ ਸਾਡੇ ਸਾਥੀਆਂ ਨੂੰ ਅਸਾਮ ਭੇਜ ਦਿੱਤਾ ਹੈ। NSA ਲੋਕਾਂ ‘ਤੇ ਲਗਾਇਆ ਗਿਆ ਹੈ। ਪੁਲਿਸ ਨੇ ਮਜਬੂਰ ਕੀਤਾ। ਇਹ ਜ਼ੁਲਮ ਹੈ। ਇਸ ਵਿਰੁੱਧ ਆਵਾਜ਼ ਬੁਲੰਦ ਕਰਨਾ ਸਾਡਾ ਕੌਮੀ ਹੱਕ ਹੈ। ਅੰਮ੍ਰਿਤਪਾਲ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸਾਡਾ ਭਾਈਚਾਰਾ ਨਿੱਕੇ-ਮੋਟੇ ਮੁੱਦਿਆਂ ਨੂੰ ਲੈ ਕੇ ਲੜਦਾ ਆ ਰਿਹਾ ਹੈ।
ਅੰਮ੍ਰਿਤਪਾਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵਿਸਾਖੀ ਮੌਕੇ ਸਰਬੱਤ ਖ਼ਾਲਸਾ ਸੱਦਣ ਲਈ ਕਿਹਾ ਹੈ। ਅੰਮ੍ਰਿਤਪਾਲ ਨੇ ਕਿਹਾ ਕਿ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਸਰਬੱਤ ਖਾਲਸਾ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਅਤੇ ਉਥੇ ਸਿੱਖ ਕੌਮ ਦੇ ਮਸਲੇ ਵਿਚਾਰੇ ਜਾਣਗੇ। ਵੀਡੀਓ ‘ਚ ਅੰਮ੍ਰਿਤਪਾਲ ਨੇ ਭੜਕਾਊ ਗੱਲਾਂ ਵੀ ਕੀਤੀਆਂ।
ਅੰਮ੍ਰਿਤਪਾਲ ਦਾ ਵੀਡੀਓ ਸੰਦੇਸ਼ ਤਾਜ਼ਾ ਹੈ। ਵੀਡੀਓ ਵਿੱਚ, ਉਸਨੇ ਇੱਕ ਸ਼ਾਲ ਲਪੇਟਿਆ ਹੋਇਆ ਹੈ। ਇਹ ਉਹੀ ਸ਼ਾਲ ਹੈ ਜੋ ਪਪਲਪ੍ਰੀਤ ਸਿੰਘ ਦੇ ਹੱਥ ਵਿੱਚ ਨਜ਼ਰ ਆ ਰਿਹਾ ਸੀ। ਖਾਸ ਗੱਲ ਇਹ ਹੈ ਕਿ ਅੰਮ੍ਰਿਤਪਾਲ ਦੇ ਸੰਦੇਸ਼ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ 24 ਘੰਟੇ ਦੇ ਅਲਟੀਮੇਟਮ ਦਾ ਵੀ ਜ਼ਿਕਰ ਹੈ। ਦਰਅਸਲ ਸੋਮਵਾਰ ਨੂੰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਨੂੰ 24 ਘੰਟਿਆਂ ਅੰਦਰ ਸਾਰੇ ਸਿੱਖ ਨੌਜਵਾਨਾਂ ਨੂੰ ਰਿਹਾਅ ਕਰਨ ਦਾ ਅਲਟੀਮੇਟਮ ਦਿੱਤਾ ਸੀ। ਇਸ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਜਥੇਦਾਰ ਨੂੰ ਸਿਆਸਤ ਤੋਂ ਦੂਰ ਰਹਿਣ ਦੀ ਸਲਾਹ ਵੀ ਦਿੱਤੀ ਸੀ।
ਸਰਬੱਤ ਖਾਲਸਾ ਕੀ ਹੈ ?
ਸਰਬੱਤ ਖਾਲਸਾ ਵਿੱਚ ਦੇਸ਼-ਵਿਦੇਸ਼ ਦੀਆਂ ਸਮੂਹ ਸਿੱਖ ਜਥੇਬੰਦੀਆਂ ਹਿੱਸਾ ਲੈਣ। ਸਾਰੇ ਅਹੁਦੇਦਾਰਾਂ ਨੂੰ ਸੱਦਾ ਦਿੱਤਾ ਜਾਂਦਾ ਹੈ। ਇਸ ਮੀਟਿੰਗ ਵਿੱਚ ਧਰਮ ਨਾਲ ਸਬੰਧਤ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਂਦਾ ਹੈ ਅਤੇ ਫੈਸਲੇ ਲਏ ਜਾਂਦੇ ਹਨ। ਸਰਬੱਤ ਖਾਲਸਾ ਦਾ ਮਕਸਦ ਸਮੁੱਚੇ ਸਿੱਖ ਸਮਾਜ ਨੂੰ ਇੱਕ ਥਾਂ ਇਕੱਠੇ ਕਰਨਾ ਹੈ। ਅੰਮ੍ਰਿਤਪਾਲ ਨੇ ਵਿਸਾਖੀ ‘ਤੇ ਸਾਰੀਆਂ ਧਾਰਮਿਕ ਜਥੇਬੰਦੀਆਂ ਨੂੰ ਇਹੀ ਗੱਲ ਕਹੀ ਹੈ।

