ਕੈਂਪਾਂ ਦੌਰਾਨ ਮੌਕੇ ’ਤੇ 215 ਸਰਟੀਫਿਕੇਟ ਬਣਾਏ ਗਏ
ਸੰਜੀਵ ਜਿੰਦਲ
ਮਾਨਸਾ, 29 ਮਾਰਚ 2023 : ਐਸ.ਡੀ.ਐਮ. ਪੂਨਮ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਲਕਾ ਵਿਧਾਇਕ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਂਵਾਲੀ ਦੇ ਸਹਿਯੋਗ ਨਾਲ ਸਬ-ਡਵੀਜ਼ਨ ਸਰਦੂਲਗੜ੍ਹ ਵਿਖੇ ਸਰੀਰਕ ਤੌਰ ’ਤੇ ਦਿਵਿਆਂਗ ਵਿਅਕਤੀਆਂ ਦੇ ਸਰਟੀਫਿਕੇਟ ਜਾਰੀ ਕਰਨ ਲਈ 3 ਕੈਂਪਾਂ ਦਾ ਆਯੋਜਨ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ 298 ਵਿਅਕਤੀਆਂ ਨੇ ਸਰਟੀਫਿਕੇਟ ਲਈ ਅਪਲਾਈ ਕੀਤਾ ਜਿਨ੍ਹਾਂ ਵਿੱਚੋਂ 215 ਸਰਟੀਫਿਕੇਟ ਮੌਕੇ ’ਤੇ ਬਣਾਏ ਗਏ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 83 ਕੇਸ ਮੈਡੀਕਲ ਅਫ਼ਸਰ ਫਰੀਦਕੋਟ ਕੋਲ ਰੈਫਰ ਕੀਤੇ ਗਏ, ਜਿਨ੍ਹਾਂ ਵਿੱਚੋਂ 21 ਵਿਅਕਤੀਆਂ ਨੇ ਖੁਦ ਫਰੀਦਕੋਟ ਜਾ ਕੇ ਸਰਟੀਫਿਕੇਟ ਬਣਾ ਲਏ ਅਤੇ ਬਾਕੀ ਬਚੇ 62 ਵਿਅਕਤੀਆਂ ਨੂੰ ਉਨ੍ਹਾਂ ਵੱਲੋਂ ਫਰੀਦਕੋਟ ਵਿਖੇ ਆਪਣੇ ਪੱਧਰ ’ਤੇ ਭੇਜਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਤਹਿਤ ਹਰ ਸ਼ੁੱਕਰਵਾਰ ਇੱਕ ਬੱਸ ਫਰੀਦਕੋਟ ਭੇਜੀ ਜਾਂਦੀ ਹੈ। ਹੁਣ ਤੱਕ 14 ਅਪੰਗ ਵਿਅਕਤੀਆਂ ਦੇ ਸਰਟੀਫਿਕੇਟ ਬਣ ਚੁੱਕੇ ਹਨ ਅਤੇ ਬਾਕੀ ਰਹਿੰਦੇ ਵਿਅਕਤੀਆਂ ਨੂੰ ਵੀ ਮਿੱਥੇ ਸਮੇਂ ਅਨੁਸਾਰ ਫਰੀਦਕੋਟ ਭੇਜਿਆ ਜਾ ਰਿਹਾ ਹੈ।











