ਨਵਾਂ ਸਾਲ 2023 ਲੋਕਾਂ ਲਈ ਖ਼ੁਸ਼ਹਾਲੀ, ਸਿਹਤਯਾਬ ਜਿੰਦਗੀ, ਤਰੱਕੀਆਂ, ਸ਼ਾਂਤਮਈ ਤੇ ਇਤਫ਼ਾਕ ਭਰਿਆ ਹੋਵੇ-ਡਿਪਟੀ ਕਮਿਸ਼ਨਰ
ਅਮਨ-ਸ਼ਾਂਤੀ ਅਤੇ ਕਾਨੂੰਨ ਨੂੰ ਬਰਕਰਾਰ ਰੱਖਣ ਲਈ ਜ਼ਿਲ੍ਹਾ ਪੁਲਿਸ ਵਚਨਬੱਧ-ਐਸ.ਐਸ.ਪੀ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ 31 ਦਸੰਬਰ 2022 : ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਬਲਦੀਪ ਕੌਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਡਾ. ਨਾਨਕ ਸਿੰਘ ਨੇ ਜ਼ਿਲ੍ਹਾ ਵਾਸੀਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਸਾਲ 2023 ਲੋਕਾਂ ਲਈ ਖ਼ੁਸ਼ਹਾਲੀ, ਸਿਹਤਯਾਬ ਜਿੰਦਗੀ, ਤਰੱਕੀਆਂ,ਸ਼ਾਂਤਮਈ ਤੇ ਇਤਫ਼ਾਕ ਭਰਿਆ ਹੋਵੇ।

ਡਿਪਟੀ ਕਮਿਸ਼ਨਰ ਨੇ ਸਾਲ 2023 ਵਿੱਚ ਜ਼ਿਲ੍ਹੇ ਦੇ ਵਿਕਾਸ ਅਤੇ ਤਰੱਕੀ ਲਈ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਰਾਜ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੱਕ ਪਹੁੰਚਾਉਣ ਲਈ ਸਮਰਪਣ ਭਾਵਨਾ ਨਾਲ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੈਂ ਆਸ ਕਰਦੀ ਹਾਂ ਕਿ ਨਵਾਂ ਸਾਲ 2023 ਜ਼ਿਲ੍ਹੇ ਦੇ ਵਿਕਾਸ ਅੰਦਰ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਵਿਡ ਦੀ ਸੰਭਾਵੀ ਲਹਿਰ ਤੋਂ ਬਚਾਓ ਲਈ ਸਰਕਾਰ ਵੱਲੋਂ ਸਮੇਂ ਸਮੇਂ ’ਤੇ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ।

ਜ਼ਿਲ੍ਹਾ ਪੁਲਿਸ ਮੁਖੀ ਡਾ. ਨਾਨਕ ਸਿੰਘ ਨੇ ਮਾਨਸਾ ਪੁਲਿਸ ਵੱਲੋਂ ਜ਼ਿਲ੍ਹਾ ਨਿਵਾਸੀਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪੁਲਿਸ ਦੀ ਕੋਸ਼ਿਸ਼ ਰਹਿੰਦੀ ਹੈ ਕਿ ਹਮੇਸ਼ਾ ਲੋਕਾਂ ਦੀ ਸਾਂਝ ਅਤੇ ਸਹਿਯੋਗ ਨਾਲ ਅਮਨ-ਸ਼ਾਂਤੀ ਅਤੇ ਕਾਨੂੰਨ ਨੂੰ ਬਰਕਰਾਰ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਜ਼ਿਲ੍ਹਾ ਨਿਵਾਸੀਆਂ ਨੇ ਮਾਨਸਾ ਪੁਲਿਸ ਨਾਲ ਪਿਛਲੇ ਸਮੇਂ ’ਚ ਤਾਲਮੇਲ ਰੱਖਿਆ ਹੈ, ਉਹ ਆਸ ਕਰਦੇ ਹਨ ਕਿ ਅਗਲਾ ਸਮਾਂ ਵੀ ਇਸੇ ਤਰ੍ਹਾਂ ਲੋਕਾਂ ਦੀ ਸਾਂਝ ਤੇ ਸਹਿਯੋਗ ਭਰਿਆ ਹੋਵੇਗਾ। ਉਨ੍ਹਾਂ ਫ਼ਿਰਕੂ ਸਦਭਾਵਨਾ, ਅਮਨ ਸਾਂਤੀ ਅਤੇ ਭਾਈਚਾਰਕ ਸਾਂਝ ਦੇ ਬੰਧਨ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਜ਼ਿਲ੍ਹੇ ਨੂੰ ਉੱਨਤੀ ਦੇ ਰਾਹ ’ਤੇ ਤੋਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਦੁਹਰਾਇਆ ।