ਬਿਊਰੋ, ਪ੍ਰਾਈਮ ਪੋਸਟ ਪੰਜਾਬ
ਮਲੋਟ : ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਿਗੜ ਚੁੱਕੀ ਹੈ। ਦਿਨ ਦਿਹਾੜੇ ਲੁੱਟਾਂ ਖੋਹਾਂ ਤੇ ਕਤਲ ਵਰਗੀਆਂ ਵਾਰਦਾਤਾਂ ਕਾਰਨ ਲੋਕ ਸਹਿਮ ਦੇ ਮਾਹੌਲ ’ਚ ਹਨ। ਮੁਕਤਸਰ ’ਚ ਫਿਰੌਤੀ ਲਈ ਦੋ ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ। ਅਜਿਹੇ ਹਾਲਤਾਂ ’ਚ ਆਮ ਨਾਗਰਿਕ ਡਰ ਦੇ ਸਾਏ ਹੇਠ ਜਿੰਦਗੀ ਬਤੀਤ ਕਰਨ ਲਈ ਮਜ਼ਬੂਰ ਹੋ ਗਿਆ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਇੱਥੇ ਮਲੋਟ ਰੋਡ ਤੇ ਸਥਿਤ ਇਕ ਨਿੱਜੀ ਪੈਲੇਸ ’ਚ ਕਾਂਗਰਸ ਦੀ ਜ਼ਿਲ੍ਹਾ ਪੱਧਰੀ ਮੀਟਿੰਗ ’ਚ ਪੁੱਜੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀਤਾ। ਉਨ੍ਹਾਂ ਗੁਰਵੰਤ ਸਿੰਘ ਪੰਨੂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਹਿੰਮਤ ਹੈ ਤਾਂ ਪੰਜਾਬ ਆ ਕੇ ਦਿਖਾਉਣ। ਪਾਣੀਆਂ ਦੇ ਮੁੱਦੇ ’ਤੇ ਬੋਲਦਿਆਂ ਉਨ੍ਹਾਂ ਅਭੈ ਚੌਟਾਲਾ ਨੂੰ ਵੀ ਖਰੀਆਂ-ਖਰੀਆਂ ਸੁਣਾਈਆਂ। ਉਹ ਅੱਜ ਇੱਥੇ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਨੂੰ ਲੈ ਕੇ ਜ਼ਿਲ੍ਹਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਨ ਲਈ ਪਹੁੰਚੇ ਸਨ। ਰਾਜਾ ਵੜਿੰਗ ਨੇ ਵਰਕਰਾਂ ਨਾਲ ਮਿਲ ਕੇ ਪਾਰਟੀ ਦੇ ਹਿੱਤ ਵਿੱਚ ਕੰਮ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਕਾਂਗਰਸ ਵਿੱਚ ਅੰਦਰੂਨੀ ਕਲੇਸ਼ ਖਤਮ ਕਰਨ ਦੀ ਵਕਾਲਤ ਕੀਤੀ। ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਮਾਹੌਲ ਅਜਿਹਾ ਬਣ ਗਿਆ ਹੈ ਕਿ ਜੇਕਰ ਕਿਸੇ ਨੂੰ ਕੋਈ ਅਹੁਦਾ ਨਹੀਂ ਮਿਲਦਾ ਤਾਂ ਉਹ ਗੁੱਸੇ ਵਿੱਚ ਆ ਕੇ ਪਾਰਟੀ ਬਦਲ ਲੈਂਦਾ ਹੈ। ਅਜਿਹੇ ਮਾਮਲਿਆਂ ਵਿੱਚ ਸਬਰ ਰੱਖਣਾ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਅਜਿਹੇ ਆਗੂ ਹਨ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਪਾਰਟੀ ਨੂੰ ਸਮਰਪਿਤ ਕਰ ਦਿੱਤਾ, ਪਰ ਕੋਈ ਵੱਡਾ ਅਹੁਦਾ ਹਾਸਲ ਨਹੀਂ ਕੀਤਾ। ਜਿੰਦਗੀ ਵਿਚ ਸਬਰ ਰੱਖਣਾ ਬਹੁਤ ਜਰੂਰੀ ਹੈ, ਤਾਂ ਹੀ ਮਿਹਨਤ ਦਾ ਫਲ ਮਿਲਦਾ ਹੈ। ਇਸ ਮੌਕੇ ਨਵ-ਨਿਯੁਕਤ ਜਿਲ੍ਹਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ, ਸੀਨੀਅਰ ਮੀਤ ਪ੍ਰਧਾਨ ਦੀਪਕ ਗਰਗ, ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ, ਬਲਾਕ ਪ੍ਰਧਾਨ ਸੁਸ਼ੀਲ ਕੁਮਾਰ ਹੈਪੀ ਗਰਗ, ਦਿਹਾਤੀ ਪ੍ਰਧਾਨ ਸ਼ਰਨਜੀਤ ਸਿੰਘ ਸੰਧੂ, ਸਾਬਕਾ ਜਿਲ੍ਹਾ ਪ੍ਰਧਾਨ ਹਰਚਰਨ ਸਿੰਘ ਸੋਥਾ, ਐਸ.ਸੀ ਵਿੰਗ ਦੇ ਚੇਅਰਮੈਨ ਰਣਜੀਤ ਸਿੰਘ ਧਾਲੀਵਾਲ, ਸਾਬਕਾ ਵਿਧਾਇਕ ਕਰਨ ਕੌਰ ਬਰਾੜ, ਰਾਜਬਲਵਿੰਦਰ ਸਿੰਘ ਮਰਾੜ੍ਹ, ਸਰਪੰਚ ਦਲਜੀਤ ਸਿੰਘ ਮਾਨ ਗਿੱਲਜੇਵਾਲਾ, ਪ੍ਰਧਾਨ ਸਰਪੰਚ ਸੰਗਠਨ ਅਮਨਦੀਪ ਸਿੰਘ ਭੁੱਲਰ, ਨਗਰ ਕੌਂਸਲ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਤੇਰੀਆ, ਪੰਜਾਬ ਪ੍ਰਦੇਸ਼ ਕਾਂਗਰਸ ਮੈਂਬਰ ਹਰਬੰਸ ਗਰੀਬ, ਗੁਰਦਾਸ ਗਿਰਧਰ, ਅਬਜ਼ਰਵਰ ਗਿਰੀਸ਼ ਛਾਬੜਾ, ਨਰਿੰਦਰ ਕਾਉਣੀ ਰਮੇਸ਼ ਗਿਰਧਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਿਮਰਜੀਤ ਸਿੰਘ ਭੀਨਾ ਬਰਾੜ, ਮਨੀਸ਼ ਕੁਮਾਰ, ਸੰਦੀਪ ਕੁਮਾਰ, ਰਾਜੇਸ ਗਰਗ, ਰਮਨ ਗੁਪਤਾ, ਪਿੰਦਰ ਸ਼ਰਮਾ, ਗੁਰਰਾਜ ਸਿੰਘ, ਕੌਂਸਲਰ ਰਵੀ, ਬਿੱਟਾ, ਦਲੀਪ ਕੁਮਾਰ, ਮਹਿੰਦਰ ਚੌਧਰੀ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜਰ ਸਨ।