37 ਪ੍ਰਜਾਤੀਆਂ ਦੇ 4400 ਤੋਂ ਵਧੇਰੇ ਪੌਦੇ ਲਗਾ ਕੇ 2149ਦਿਹਾੜੀਆਂ ਪੈਦਾ ਕੀਤੀਆਂ
ਵੇਸਟ ਪਲਾਸਟਿਕ ਤੋਂ ਤਿਆਰ ‘ਈਕੋ ਪਾਰਕ’ ਦਾ ਲੋਗੋ ਬਣਿਆ ਸੈਲਫੀ ਪੁਆਇੰਟ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 16 ਦਸੰਬਰ 2022 :ਸਰਕਾਰੀ ਨਹਿਰੂ ਕਾਲਜ, ਮਾਨਸਾ ਵਿਖੇ ਖਾਲੀ ਜਗ੍ਹਾ ’ਤੇ ਈਕੋ ਪਾਰਕ ਤਿਆਰ ਕੀਤਾ ਗਿਆ ਹੈ। ਇਸ ਈਕੋ ਪਾਰਕ ਵਿਖੇ 37 ਪਰਜਾਤੀਆਂ ਦੇ 4400 ਪੌਦਿਆਂ ਤੋਂ ਇਲਾਵਾ 1300 ਪੌਦੇ ਹੋਰ ਲਗਾਏ ਗਏ ਹਨ, ਇਹ ਪੌਦੇ ਰਾਊਡ ਗਲਾਸ ਫਾਊਡੇਸ਼ਨ, ਜੰਗਲਾਤ ਵਿਭਾਗ ਅਤੇ ਮਗਨਰੇਗਾ ਸਕੀਮ ਅਧੀਨ ਲਗਾਏ ਗਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਈਕੋ ਪਾਰਕ ਵਿਖੇ ਸੈਰ ਕਰਨ ਲਈ ਪਾਥ ਬਣਾਏ ਗਏ ਹਨ, ਜਿਸ ਦੀ ਲੰਬਾਈ 700 ਮੀਟਰ ਦੇ ਕਰੀਬ ਹੈ। ਇਸ ਤੋਂ ਇਲਾਵਾ ਪਾਰਕ ਵਿਚ ਵੇਸਟ ਮਟੀਰੀਅਲ ਦੀ ਸੁਚੱਜੀ ਵਰਤੋਂ ਕਰਦਿਆਂ ਬੈਠਣ ਲਈ ਬੈਂਚ, ਪੰਛੀਆਂ ਲਾਈ ਆਲ੍ਹਣੇ ਤਿਆਰ ਕੀਤੇ ਗਏ ਹਨ। ਈਕੋ ਪਾਰਕ ਦਾ ਲੋਗੋ ਵੇਸਟ ਪਲਾਸਟਿਕ ਤੋਂ ਤਿਆਰ ਕੀਤੀਆਂ ਟਾਈਲਾਂ ਨਾਲ ਬਣਾਇਆ ਗਿਆ ਹੈ, ਜੋ ਕਿ ਖਿੱਚ ਦਾ ਕੇਂਦਰ ਬਣਿਆ ਹੈ ਅਤੇ ਸੈਲਫੀ ਪੁਆਇੰਟ ਦੇ ਤੌਰ ’ਤੇ ਵੀ ਵਰਤਿਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਸਟੇਟ ਬੈਂਕ ਆਫ ਇੰਡੀਆ ਵੱਲੋਂ ਸੀ.ਐਸ.ਆਰ.ਅਧੀਨ ਪੌਦਿਆਂ ਨੂੰ ਪਾਣੀ ਪਾਉਣ ਲਈ ਟੈਂਕੀਆਂ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ ਪਾਇਪਲਾਇਨ ਵੀ ਪਵਾਈ ਗਈ ਹੈ। ਇਸ ਦੇ ਨਾਲ ਹੀ ਪੌਦਿਆਂ ਦੀ ਦੇਖਭਾਲ ਲਈ ਅਤੇ ਜ਼ਮੀਨ ਵਿੱਚ ਨਮੀ ਨੂੰ ਮੈਨਟੇਨ ਕਰਨ ਲਈ ਝੋਨੇ ਦੀ ਪਰਾਲੀ ਨਾਲ ਮਲਚਿੰਗ ਕੀਤੀ ਜਾ ਰਹੀ ਹੈ ਜੋ ਕਿ ਪੌਦਿਆਂ ਲਈ ਖਾਦ ਦਾ ਕੰਮ ਕਰੇਗੀ।
ਉਨ੍ਹਾਂ ਦੱਸਿਆ ਕਿ ਇਸ ਪਾਰਕ ’ਤੇ ਕੁੱਲ 6.63 ਲੱਖ ਰੁਪਏ ਖਰਚ ਕੀਤੇ ਗਏ ਹਨ ਅਤੇ 2149 ਦਿਹਾੜੀਆਂ ਪੈਦਾ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸਟੇਟ ਬੈਂਕ ਆਫ ਇੰਡੀਆ ਵੱਲੋਂ ਸੀ.ਐਸ.ਆਰ. ਅਧੀਨ 1.5 ਲੱਖ ਰੁਪਏ ਖਰਚ ਕੀਤੇ ਗਏ ਹਨ। ਕਾਲਜ ਦੇ ਵਿਦਿਆਰਥੀ, ਐਨ.ਐਸ.ਐਸ. ਵਲੰਟੀਅਰ ਅਤੇ ਯੂਥ ਕਲਬਾਂ ਦੀ ਵੀ ਪੌਦੇ ਲਗਾਉਣ ਲਈ ਸ਼ਮੂਲੀਅਤ ਕਰਵਾਈ ਗਈ ਹੈ ਤਾਂ ਜੋ ਕੁਦਰਤ ਦੀ ਸਾਂਭ ਸੰਭਾਲ ਅਤੇ ਅਹਿਮੀਅਤ ਬਾਰੇ ਪ੍ਰੇਰਿਤ ਕੀਤਾ ਜਾ ਸਕੇ।