ਬਿਊਰੋ, ਪ੍ਰਾਈਮ ਪੋਸਟ ਪੰਜਾਬ
ਪੰਜਾਬੀ ਸੰਗੀਤ ਦੇ ਬਾਬਾ ਬੋਹੜ ਕਹੇ ਜਾਂਦੇ ਗਾਇਕ ਗੁਰਦਾਸ ਮਾਨ ਨੇ ਪੰਜਾਬੀਆਂ ਦੀ ਝੋਲੀ ਵਿੱਚ ਬਹੁਤ ਸਾਰੇ ਸਿੱਖਿਆਦਾਇਕ ਗੀਤ ਪਾਏ ਹਨ । ਜਿਨ੍ਹਾਂ ਨੇ ਹਮੇਸ਼ਾਂ ਪੰਜਾਬੀ ਬੋਲੀ ਨਾਲ ਜੁੜ ਕੇ ਹੀ ਲੋਕਾਂ ਦੀ ਸੇਵਾ ਕੀਤੀ ਹੈ । ਕੁਝ ਸਮਾਂ ਪਹਿਲਾਂ ਗੁਰਦਾਸ ਮਾਨ ਨੇ ਆਪਣੇ ਇਕ ਸ਼ੋਅ ਦੌਰਾਨ ਇਕ ਰਾਸ਼ਟਰ ਇਕ ਭਾਸ਼ਾ ਦਾ ਸਮਰਥਨ ਕਰਨ ਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ । ਗੁਰਦਾਸ ਮਾਨ ਦਾ ਨਵਾਂ ਗੀਤ ‘ ਗੱਲ ਸੁਣੋ ਪੰਜਾਬੀ ਦੋਸਤੋ’ ਰਿਲੀਜ਼ ਹੋ ਗਿਆ ਹੈ । ਇਸ ਗੀਤ ਵਿੱਚ ਗੁਰਦਾਸ ਮਾਨ ਦਾ ਪੁਰਾਣਾ ਦਰਦ ਸਾਫ਼ ਝਲਕ ਰਿਹਾ ਹੈ । ਗੀਤ ਦੀ ਸ਼ੁਰੂਆਤ ਗੁਰਦਾਸ ਮਾਨ ਦੇ ਵਿਰੋਧ ਵਿੱਚ ਲਗਾਏ ਗਏ ਨਾਅਰਿਆਂ ਤੋਂ ਹੁੰਦੀ ਹੈ। ਇਸ ਦੇ ਨਾਲ-ਨਾਲ ਮਾਨ ਇਸ ਗੀਤ ਰਾਹੀਂ ਆਪਣੇ 2019 ਦੇ ਹਿੰਦੀ ਨੂੰ ਮਾਂ ਬੋਲੀ ਵਾਲੇ ਬਿਆਨ ਨੂੰ ਸਹੀ ਕਰਾਰ ਦਿੰਦੇ ਨਜ਼ਰ ਆ ਰਹੇ ਹਨ । ਪਹਿਲੇ ਦੋ ਮਿੰਟ ਮਾਨ ਨੇ ਆਪਣੇ ਹਿੰਦੀ-ਪੰਜਾਬੀ ਦੇ ਬਿਆਨ ਨੂੰ ਸਹੀ ਸਿੱਧ ਕਰਨ ‘ਤੇ ਲਗਾਏ ਹਨ।

ਇਸ ਗਾਣੇ ਰਾਹੀਂ ਗੁਰਦਾਸ ਮਾਨ ਨੇ ਪੰਜਾਬੀ ਬੋਲੀ ਦਾ ਗੱਦਾਰ ਕਹੇ ਜਾਣ ‘ਤੇ ਚੁੱਪੀ ਤੋੜੀ ਹੈ। 3 ਸਾਲ ਪਹਿਲਾਂ ਉਨ੍ਹਾਂ ਨੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਸ਼ੋਅ ਕੀਤਾ ਸੀ। ਜਿੱਥੇ ‘ਇੱਕ ਰਾਸ਼ਟਰ-ਇੱਕ ਭਾਸ਼ਾ’ ਦਾ ਸਮਰਥਨ ਕਰਨ ‘ਤੇ ਉਨ੍ਹਾਂ ਦਾ ਵਿਰੋਧ ਹੋਇਆ। ਮਾਨ ਨੇ ਪੰਜਾਬੀ ਨੂੰ ਮਾਂ ਤੇ ਹਿੰਦੀ ਭਾਸ਼ਾ ਨੂੰ ਮਾਸੀ ਕਿਹਾ ਸੀ। ਸ਼ੋਅ ਦੌਰਾਨ ਜਦੋਂ ਉਨ੍ਹਾਂ ਦਾ ਵਿਰੋਧ ਹੋਇਆ ਤਾਂ ਮਾਨ ਆਪਣਾ ਆਪਾ ਗੁਆ ਬੈਠੇ। ਜਿਸ ਤੋਂ ਬਾਅਦ ਉਨ੍ਹਾਂ ਨੇ ਇਤਰਾਜ਼ਯੋਗ ਟਿੱਪਣੀ ਕਰ ਦਿੱਤੀ।
ਮਾਨ ਨੇ ਕੈਨੇਡਾ ਸ਼ੋਅ ਦੌਰਾਨ ਆਪਾ ਗੁਆ ਬੈਠਣ ਦੀ ਵਜ੍ਹਾ ਦੱਸਦਿਆਂ ਕਿਹਾ ਕਿ ਮੈਨੂੰ ਸਮਝ ਨਹੀਂ ਆਈ ਕਿ ਪੰਜਾਬੀ ਮਾਂ ਬੋਲੀ ਦੇ ਉਹ ਕਿਹੜੇ ਠੇਕੇਦਾਰ ਸਨ, ਜੋ ਚਲਦੇ ਸ਼ੋਅ ਵਿੱਚ ਮੁਰਦਾਬਾਦ ਕਰਨ ਲੱਗੇ। ਉਨ੍ਹਾਂ ਨੇ ਮੇਰੇ ਸਾਈਂ ਅਤੇ ਮਾਂ ਦੀ ਫੋਟੋ ਫੜ੍ਹ ਕੇ ਮੇਰੇ ਨਾਲ ਬੁਰਾ ਵਿਵਹਾਰ ਕੀਤਾ। ਮੇਰੀ ਮਾਂ ਨੂੰ ਗਾਲ੍ਹਾਂ ਕੱਢੀਆਂ ਗਈਆਂ ਤੇ ਕਿਹਾ ਗਿਆ ਕਿ ਉਨ੍ਹਾਂ ਨੇ ਗੱਦਾਰ ਬੇਟਾ ਪੈਦਾ ਕੀਤਾ ਹੈ। ਮੈਨੂੰ ਕਿਉਂ ਨਾ ਗੁੱਸਾ ਆਉਂਦਾ ਅਤੇ ਕਿਉਂ ਨਾ ਮੇਰੇ ਮੂੰਹੋਂ ਗਾਲ੍ਹਾਂ ਨਿਕਲਦੀਆਂ।

ਦੱਸ ਦੇਈਏ ਕਿ ਗੁਰਦਾਸ ਮਾਨ ਪੰਜਾਬੀ ਗਾਇਕਾਂ ਵਿੱਚ 1980 ਤੋਂ ਹਨ। ਹਾਲੇ ਵੀ ਉਨ੍ਹਾਂ ਦੀ ਗਾਇਕੀ ਦਾ ਵੱਡਾ ਫੈਨ ਬੇਸ ਹੈ। ਇਸ ਦੌਰਾਨ ਉਨ੍ਹਾਂ ਨਾਲ ਜੁੜੀਆਂ ਕਦੀ ਵੀ ਕੋਈ ਵੱਡਾ ਵਿਵਾਦ ਨਹੀਂ ਰਿਹਾ। ਕੈਨੇਡਾ ਸ਼ੋਅ ਵਿੱਚ ਹੀ ਹਿੰਦੀ ਦਾ ਸਮਰਥਨ ਕਰਨ ‘ਤੇ ਉਨ੍ਹਾਂ ਦਾ ਵਿਰੋਧ ਹੋਇਆ ਸੀ। ਉਨ੍ਹਾਂ ਨੇ ਤਰਕ ਵੀ ਦਿੱਤਾ ਸੀ ਕਿ ਬੰਗਾਲ ਵਿੱਚ ਜਾ ਕੇ ਤੁਸੀਂ ਪੰਜਾਬੀ ਵਿੱਚ ਗੱਲ ਨਹੀਂ ਕਰ ਸਕਦੇ। ਇਸ ਲਈ ਪੂਰੇ ਦੇਸ਼ ਲਈ ਇੱਕ ਭਾਸ਼ਾ ਹੋਣੀ ਚਾਹੀਦੀ ਹੈ, ਜਿਸ ਵਿੱਚ ਹਰ ਜਗ੍ਹਾ ਗੱਲ ਕੀਤੀ ਜਾ ਸਕੇ।