ਜ਼ਿਲ੍ਹਾ ਪ੍ਰਧਾਨ ਬਲਰਾਜ ਕੌਰ ਦੀ ਰਹਿਨੁਮਾਈ ਹੇਠ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਮੰਗਾਂ ਨੂੰ ਲੈ ਕੇ ਘਿਰਾਓ ਕਰਨ ਦਾ ਐਲਾਨ
ਕਰਨਪ੍ਰੀਤ ਕਰਨ/ਬਿਊਰੋ/ਪ੍ਰਾਈਮ ਪੋਸਟ ਪੰਜਾਬ
ਬਰਨਾਲਾ, 3 ਮਾਰਚ : ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਵਾਲੇ ਦਿਨ 8 ਮਾਰਚ ਨੂੰ ਪੰਜਾਬ ਵਿਧਾਨ ਸਭਾ ਦਾ ਘਿਰਾਓ ਕੀਤਾ ਜਾਵੇਗਾ। ਜਾਰੀ ਪ੍ਰੈਸ ਬਿਆਨ ਵਿਚ ਜ਼ਿਲ੍ਹਾ ਪ੍ਰਧਾਨ ਬਲਰਾਜ ਕੌਰ ਅਤ ਜਨਰਲ ਸਕੱਤਰ ਰੁਪਿੰਦਰ ਬਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਵਾਲੇ ਦਿਨ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਗਿਆ ਹੈ, ਇਸ ਦਿਨ ਮੰਗਾਂ ਨੂੰ ਲੈ ਕੇ ਯੂਨੀਅਨ ਵੱਲੋਂ ਘਿਰਾਓ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਯੂਨੀਅਨ ਵੱਲੋਂ ਐਲਾਨ ਕੀਤਾ ਗਿਆ ਸੀ ਕਿ 1 ਮਾਰਚ ਨੂੰ ਮਲੋਟ ਵਿਚ ਵਿਭਾਗੀ ਮੰਤਰੀ ਡਾ. ਬਲਜੀਤ ਕੌਰ ਦਾ ਘਿਰਾਓ ਕੀਤਾ ਜਾਣਾ ਸੀ, ਪਰ ਹੁਣ 1 ਮਾਰਚ ਦੀ ਥਾਂ 8 ਮਾਰਚ ਨੂੰ ਵਿਧਾਨ ਸਭਾ ਦਾ ਘਿਰਾਓ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ ਵਿੱਚ ਆਏ ਚਾਰ ਸਾਲ ਹੋ ਗਏ ਹਨ। ਪਰ ਇਹਨਾਂ ਚਾਰ ਸਾਲਾਂ ਵਿੱਚ ਉਹਨਾਂ ਮੁਲਾਜ਼ਮਾਂ ਦਾ ਕੱਖ ਨਹੀਂ ਸਵਾਰਿਆ ਜਦੋਂ ਕਿ ਪੰਜਾਬ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਬਹੁਤ ਸਾਰੀਆਂ ਗਰੰਟੀਆਂ ਦਿੱਤੀਆਂ ਸਨ ਅਤੇ ਉਹਨਾਂ ਗਰੰਟੀਆਂ ਵਿੱਚ ਆਂਗਣਵਾੜੀ ਵਰਕਰਾਂ ਹੈਲਪਰਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ਤੇ ਕਰਨਾ ਅਤੇ ਮਾਣਭੱਤੇ ਵਿੱਚ ਦੁਗਣਾ ਵਾਅਦਾ ਕਰਨਾ ਵੀ ਸ਼ਾਮਿਲ ਸੀ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਫੇਸ ਰਿਕੋਗਨਾਈਜੇਸ਼ਨ ਸਿਸਟਮ ਦੇ ਤਹਿਤ ਲਾਭਪਾਤਰੀਆਂ ਦੀ ਸ਼ਨਾਖਤ ਕਰਨ ਲਈ ਆਂਗਣਵਾੜੀ ਕੇਂਦਰਾਂ ਵਿੱਚ ਚਾਰ ਸਾਲ ਬੀਤਣ ਤੇ ਮੋਬਾਇਲ ਨਹੀਂ ਖਰੀਦੇ ਗਏ । ਵਿਭਾਗ ਦੇ ਅਕਸ ਨੂੰ ਬਚਾਉਣ ਵਾਸਤੇ ਆਂਗਣਵਾੜੀ ਵਰਕਰਾਂ ਆਪਣੇ ਮੋਬਾਈਲਾਂ ਤੋਂ ਕੰਮ ਕਰ ਰਹੀਆਂ ਹਨ । ਪਰ ਐਫ.ਆਰ.ਐਸ. ਨੂੰ ਬਹਾਨਾ ਬਣਾ ਕੇ ਅਜਨਾਲੇ ਤੋਂ ਵਰਕਰ ਦੀਆਂ ਸੇਵਾਵਾਂ ਖਤਮਕਰ ਦਿੱਤੀਆਂ ਗਈਆਂ।
ਜੱਥੇਬੰਦੀ ਨੇ ਕਿਹਾ ਕਿ ਜਿੰਨੀ ਦੇਰ ਸਰਕਾਰ ਨੇ ਫੋਨ ਨਹੀਂ ਦਿੱਤੇ ਤਾਂ ਸੇਵਾਵਾਂ ਕਿਵੇਂ ਖਤਮ ਕੀਤੀਆਂ ਜਾ ਸਕਦੀਆਂ ਹਨ। ਜਥੇਬੰਦੀ ਮੰਗ ਕਰਦੀ ਹੈ ਕਿ ਵਿਭਾਗ ਨੂੰ ਜਸਵਿੰਦਰ ਕੌਰ ਦੀਆਂ ਸੇਵਾਵਾਂ ਤੁਰੰਤ ਬਹਾਲ ਕਰਨੀਆਂ ਚਾਹੀਦੀਆਂ ਹਨ। ਉਨਾਂ ਨੇ ਦੱਸਿਆ ਕਿ ਆਮ ਆਦਮੀ ਸਰਕਾਰ ਦੇ ਸਮੇਂ ਆਂਗਣਵਾੜੀ ਦੀ ਭਰਤੀ ਲਈ ਹਦਾਇਤਾਂ ਤਿੰਨ ਵਾਰ ਬਦਲੀਆਂ ਜਾ ਚੁੱਕੀਆਂ ਹਨ ਅਤੇ ਜਿਸ ਵਿੱਚ ਲੰਬੇ ਸਮੇਂ ਤੋਂ ਲੜ ਕੇ ਪ੍ਰਾਪਤ ਕੀਤੀਆਂ ਬਹੁਤ ਸਾਰੇ ਹੱਕ ਵੀ ਖਤਮ ਕਰ ਦਿੱਤੀਆਂ ਗਈਆਂ ਹਨ । ਨਵੀਂ ਭਰਤੀ ਵਿੱਚ ਇੰਟਰਵਿਊ ਦੇ ਪੰਜ ਨੰਬਰ ਸਿੱਧੇ ਤੌਰ ਤੇ ਭਰਿਸ਼ਟਾਚਾਰ ਨੂੰ ਜਨਮ ਦਿੰਦੇ ਹਨ।
ਇਸ ਤੋਂ ਇਲਾਵਾ ਬੱਚਿਆਂ ਲਈ ਦਿੱਤੀ ਜਾ ਰਹੀ ਸਪਲੀਮੈਂਟਰੀ ਨਿਊਟਰੀਸ਼ਨ ਜਿਸ ਵਿੱਚ ਖਿੱਚੜੀ ਨਮਕੀਨ ਦਲੀਆ ਅਤੇ ਮਿੱਠਾ ਦਲੀਆ ਸ਼ਾਮਿਲ ਹੈ ਉਹ ਸਹੀ ਮਾਇਨੇ ਦੇ ਵਿੱਚ ਪੰਜਾਬ ਦੇ ਲੋਕ ਪਸੰਦ ਨਹੀਂ ਕਰਦੇ ਅਤੇ ਇਸ ਵਿੱਚ ਸੁਧਾਰ ਦੀ ਮੰਗ ਬਹੁਤ ਵਾਰ ਕੀਤੀ ਜਾ ਚੁੱਕੀ ਹੈ ਐਨਜੀਓ ਨੂੰ ਦਿੱਤੀ ਗਈ ਫੀਡ ਵਾਪਸ ਵਿਭਾਗ ਵਿੱਚ ਸ਼ਾਮਿਲ ਕਰਨਾ ਪੈਨਸ਼ਨ ਗਜਟ ਲਾਗੂ ਕਰਾਉਣਾ ਆਦਿ ਮੰਗਾਂ ਨੂੰ ਲੈ ਕੇ 8 ਮਾਰਚ 2026 ਨੂੰ ਪੰਜਾਬ ਵਿਧਾਨ ਸਭਾ ਦਾ ਘਿਰਾਓ ਕੀਤਾ ਜਾਵੇਗਾ।

