ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 26 ਅਗਸਤ 2022 : ਕੁਲ ਹਿੰਦ ਖੇਤ ਮਜਦੂਰ ਯੂਨੀਅਨ ਜਿਲ੍ਹਾ ਮਾਨਸਾ ਦੀ ਜਥੇਬੰਦਕ ਕਾਨਫਰੰਸ 3 ਸਤੰਬਰ ਫੱਤਾ ਮਾਲੋਕਾ ਵਿੱਖੇ ਆਯੋਜਿਤ ਕੀਤੀ ਜਾਵੇਗੀ , ਇਸ ਕਾਨਫਰੰਸ ਵਿੱਚ ਪੂਰੇ ਜਿਲ੍ਹੇ ਵਿੱਚੋ ਖੇਤ ਮਜਦੂਰ ਵਰਕਰ ਹਿੱਸਾ ਲੈਣਗੇ ਤੇ ਕਾਨਫਰੰਸ ਨੂੰ ਕੁਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸਾਥੀ ਭੂਪ ਚੰਦ ਚੰਨੋ , ਸੀਟੂ ਦੇ ਸੂਬਾ ਸਕੱਤਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਤੇ ਕੁਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਸਕੱਤਰ ਸਾਥੀ ਬਲਦੇਵ ਸਿੰਘ ਬਾਜੇਵਾਲਾ ਸੰਬੋਧਨ ਕਰਨਗੇ । ਜਾਣਕਾਰੀ ਦਿੰਦੇ ਹੋਏ ਕੁਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਆਗੂ ਸਾਥੀ ਗੁਰਪਿਆਰ ਸਿੰਘ ਫੱਤਾ ਨੇ ਕਿਹਾ ਕਿ ਕਾਨਫਰੰਸ ਮਜ਼ਦੂਰਾਂ ਦੇ ਜੀਵਨ ਹਾਲਾਤਾਂ ਤੇ ਚਰਚਾ ਕੀਤੀ ਜਾਵੇਗੀ ਤੇ ਸਮੇ ਦੀਆਂ ਸਰਕਾਰਾਂ ਵੱਲੋ ਮਜ਼ਦੂਰਾਂ ਨਾਲ ਕੀਤੀ ਵਾਅਦਾ ਖਿਲਾਫੀ ਦੇ ਵਿਰੁੱਧ ਸੰਘਰਸ਼ ਲਾਮਬੰਦ ਕਰਨ ਲਈ ਵਿਉਤਬੰਦੀ ਉਲੀਕੀ ਜਾਵੇਗੀ ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਨੇ ਚੋਣਾਂ ਤੋ ਪਹਿਲਾਂ ਮਜ਼ਦੂਰ ਵਰਗ ਨੂੰ ਵੱਡੀਆਂ ਗਰੰਟੀਆ ਦਿੱਤੀਆ ਸਨ ਕਿ ਮਜ਼ਦੂਰਾਂ ਸਿਰ ਚੜ੍ਹੇ ਕਰਜੇ ਮਾਫ ਕੀਤੇ ਜਾਣਗੇ , ਮਨਰੇਗਾ ਸਕੀਮ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਜਾਵੇਗਾ ਤੇ ਇਸ ਸਕੀਮ ਵਿੱਚ ਗਬਨ ਕਰਨ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ , ਆਟਾ ਦਾਲ ਸਕੀਮ ਨੂੰ ਦਰੁਸਤ ਕੀਤਾ ਜਾਵੇਗਾ ਤੇ ਔਰਤਾਂ ਨੂੰ ਇੱਕ ਹਜਾਰ ਪ੍ਰਤੀ ਮਹੀਨਾ ਦਿੱਤਾ ਜਾਵੇਗਾ , ਪਰੰਤੂ ਸੱਤਾ ਵਿੱਚ ਆਉਣ ਤੋ ਬਾਅਦ ਆਪ ਸਰਕਾਰ ਨੇ ਆਪਣੀਆਂ ਗਰੰਟੀਆਂ ਵਿਸਾਰ ਦਿੱਤੀਆ ਹਨ ਤੇ ਮਜਦੂਰਾਂ ਦੀ ਹਾਲਾਤ ਤਰਸਯੋਗ ਬਣੀ ਹੋਈ ਹੈ । ਉਨ੍ਹਾਂ ਕਿਹਾ ਕਿ ਜਨਤਕ ਲਾਮਬੰਦੀ ਕਰਕੇ ਸੰਘਰਸ਼ ਜਰੀਏ ਮਾਨ ਸਰਕਾਰ ਨੂੰ ਆਪਣੀਆਂ ਗਰੰਟੀਆ ਯਾਦ ਕਰਵਾਈਆ ਜਾਣਗੀਆਂ ।

