
ਸੰਜੀਵ ਜਿੰਦਲ
ਮਾਨਸਾ, 3 ਅਪ੍ਰੈਲ : ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਮੀਂਹ ਤੂਫਾਨ ਅਤੇ ਗੜੇਮਾਰੀ ਨੇ ਲੋਕਾਂ ਦੇ ਸਾਹ ਸੂਤ ਲਏ ਹਨ। ਜਿੱਥੇ ਫਸਲਾਂ ਦਾ ਨੁਕਸਾਨ ਹੋਇਆ ਹੈ ਦੂਸਰੇ ਪਾਸੇ ਮਾਨਸਾ ਜ਼ਿਲ੍ਹੇ ਦੇ ਪਿੰਡ ਬਾਜੇਵਾਲਾ ਤੋਂ ਇੱਕੋ ਘਰ ਦੇ ਤਿੰਨ ਪਸ਼ੂਆਂ ਦੀ ਮੌਤ ਹੋ ਜਾਣ ਦੀ ਖਬਰ ਮਿਲੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਮਾਨਸਾ ਜ਼ਿਲ੍ਹੇ ਦੇ ਪਿੰਡ ਬਾਜੇਵਾਲਾ ਵਿਖੇ ਜੀਤ ਸਿੰਘ ਸਪੁੱਤਰ ਮਹਿੰਦਰ ਸਿੰਘ ਮਿਸਤਰੀ ਦੇ ਘਰ ਅਸਮਾਨੀ ਬਿਜਲੀ ਡਿੱਗਣ ਕਾਰਨ ਤਿੰਨ ਪਸ਼ੂਆਂ ਜਿਸ ਵਿੱਚ ਇੱਕ ਮੱਝ ਗਾਂ ਅਤੇ ਕਟਰੂ ਸ਼ਾਮਿਲ ਹਨ ਦੀ ਮੌਤ ਹੋ ਗਈ ਹੈ। ਜਿਸ ਨਾਲ ਪੂਰੇ ਪਰਿਵਾਰ ਵਿੱਚ ਮਾਤਮ ਛਾ ਗਿਆ। ਜੀਤ ਸਿੰਘ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ ਪਰ ਇਸ ਕੁਦਰਤੀ ਕਹਿਰ ਨੇ ਉਸਦੀ ਕਮਰ ਤੋੜ ਕੇ ਰੱਖ ਦਿੱਤੀ ਹੈ।
ਜੀਤ ਸਿੰਘ ਨੇ ਦੱਸਿਆ ਕਿ ਮੇਰੇ ਤਿੰਨਾਂ ਪਸ਼ੂਆਂ ਦੀ ਕੀਮਤ ਲਗਭਗ 3 ਲੱਖ ਕਰੀਬ ਸੀ, ਹੁਣ ਇਹ ਘਾਟਾ ਸਹਿਣਾ ਮੁਸ਼ਕਿਲ ਹੈ। ਇਸ ਮੌਕੇ ਸਰਪੰਚ ਪੋਹਲੋਜੀਤ ਸਿੰਘ, ਚੇਅਰਮੈਨ ਬਲਵੀਰ ਸਿੰਘ,ਗੋਰਾ ਸਿੰਘ, ਬਿੰਦਰ ਸਿੰਘ, ਹਰਮੀਤ ਸਿੰਘ ਤੋਂ ਇਲਾਵਾ ਪਿੰਡ ਦੇ ਹੋਰ ਬਹੁਤ ਸਾਰੇ ਲੋਕ ਹਾਜ਼ਰ ਸਨ ਉਨਾ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਤੋਂ ਪਰਿਵਾਰ ਦੇ ਹੋਏ ਨੁਕਸਾਨ ਦੀ ਪੂਰਤੀ ਦੀ ਮੰਗ ਕੀਤੀ ਹੈ।

