ਸੰਜੀਵ ਜਿੰਦਲ
ਮਾਨਸਾ, 27 ਜੁਲਾਈ: ਸਿਹਤ ਵਿਭਾਗ ਵੱਲੋਂ 28 ਜੁਲਾਈ ਨੂੰ ਜ਼ਿਲ੍ਹੇ ਦੇ ਸਾਰੇ ਹੈਲਥ ਵੈਲਨੈੱਸ ਸੈਂਟਰਾਂ, ਸਿਹਤ ਕੇਂਦਰਾਂ ਅਤੇ ਆਮ ਆਦਮੀ ਕਲੀਨਿਕਾਂ ਵਿਖੇ ‘ਵਿਸ਼ਵ ਹੈਪੇਟਾਈਟਸ ਦਿਵਸ’ ਮਨਾਇਆ ਜਾਵੇਗਾ, ਜਿਸ ਦੌਰਾਨ ਆਮ ਲੋਕਾਂ ਨੂੰ ਹੈਪੇਟਾਈਟਸ ਵਾਇਰਲ ਰੋਗ ਦੇ ਲੱਛਣਾਂ, ਇਲਾਜ ਅਤੇ ਪਰਹੇਜ਼ ਬਾਰੇ ਵਿਸਥਾਰਪੂਰਵਕ ਜਾਗਰੂਕ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਹੈਪੇਟਾਈਟਸ ਇੱਕ ਵਾਇਰਲ ਰੋਗ ਹੈ ਜੋ ਕਿ ਕਈ ਪ੍ਰਕਾਰ ਦਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਹੈਪੇਟਾਈਟਸ ‘ਏ’ ਅਤੇ ‘ਈ’ ਮੁੱਖ ਤੌਰ ‘ਤੇ ਦੂਸ਼ਿਤ ਪਾਣੀ, ਦੂਸ਼ਿਤ ਭੋਜਨ ਅਤੇ ਸਾਫ਼-ਸਫ਼ਾਈ ਦੀ ਘਾਟ ਕਾਰਨ ਫੈਲਦਾ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਹਮੇਸ਼ਾ ਪਾਣੀ ਉਬਾਲ ਕੇ, ਕਲੋਰੀਨੇਟ ਕਰਕੇ ਜਾਂ ਫਿਲਟਰ ਕਰਕੇ ਹੀ ਪੀਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਖਾਧਾ-ਪੀਤਾ ਹਜ਼ਮ ਨਾ ਹੋਣਾ, ਪੇਟ ਦੇ ਉਪਰਲੇ ਹਿੱਸੇ (ਜਿਗਰ ਵਾਲੀ ਜਗ੍ਹਾ) ਵਿੱਚ ਸੋਜਿਸ਼, ਲੀਵਰ ਵਾਲੀ ਜਗ੍ਹਾ ਉੱਤੇ ਦਰਦ, ਬੁਖਾਰ, ਭੁੱਖ ਨਾ ਲੱਗਣਾ, ਥਕਾਵਟ, ਪਿੰਜਣੀਆਂ ਵਿੱਚ ਦਰਦ ਅਤੇ ਉਲਟੀ ਆਉਣਾ ਜਾਂ ਜੀਅ ਕੱਚਾ ਹੋਣਾ ਹੈਪੇਟਾਈਟਸ ਦੇ ਮੁੱਖ ਲੱਛਣ ਹਨ।
ਇਸੇ ਦੌਰਾਨ ਨੋਡਲ ਅਫ਼ਸਰ ਡਾ. ਰਮਨਦੀਪ ਕੌਰ ਨੇ ਦੱਸਿਆ ਕਿ ਹੈਪੇਟਾਈਟਸ ‘ਬੀ’ ਅਤੇ ‘ਸੀ’ ਦੂਸ਼ਿਤ ਖ਼ੂਨ ਚੜ੍ਹਾਉਣ, ਦੂਸ਼ਿਤ ਸੂਈ/ਸਰਿੰਜ ਦੀ ਵਰਤੋਂ, ਅਸੁਰੱਖਿਅਤ ਸਰੀਰਕ ਸਬੰਧਾਂ ਅਤੇ ਰੋਗ-ਗ੍ਰਸਤ ਮਾਂ ਤੋਂ ਬੱਚੇ ਨੂੰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਚਾਅ ਲਈ ਜਦੋਂ ਵੀ ਖ਼ੂਨ ਦੀ ਲੋੜ ਹੋਵੇ ਤਾਂ ਪਹਿਲਾਂ ਉਸ ਦੀ ਪੂਰੀ ਜਾਂਚ ਕਰਵਾਉਣੀ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਗਰਭਵਤੀ ਮਹਿਲਾਵਾਂ, ਹੈਲਥ ਕੇਅਰ ਵਰਕਰਾਂ, ਹਾਈ-ਰਿਸਕ ਗਰੁੱਪਾਂ, ਕਿਸੇ ਵੀ ਤਰ੍ਹਾਂ ਦੀ ਸਰਜਰੀ, ਦੰਦਾਂ ਦੇ ਇਲਾਜ ਜਾਂ ਡਾਇਲਸਿਸ ਕਰਵਾਉਣ ਸਮੇਂ ਖਾਸ ਸਾਵਧਾਨੀ ਵਰਤਣ ਦੀ ਲੋੜ ਹੈ।

