ਸੰਜੀਵ ਜਿੰਦਲ / ਰੋਹਿਨ ਜਿੰਦਲ
ਮਾਨਸਾ, 22 ਅਗਸਤ ( ਪ੍ਰਾਈਮ ਪੋਸਟ ਪੰਜਾਬ ) : ਮਨਰੇਗਾ ਸਕੀਮ ਅਧੀਨ ਵਿੱਤੀ ਵਰ੍ਹੇ 2022-23 ਦੌਰਾਨ ਕੁੱਲ 13,00,000 ਦਾ ਟੀਚਾ ਜ਼ਿਲ੍ਹਾ ਮਾਨਸਾ ਨੂੰ ਸਰਕਾਰ ਵੱਲੋਂ ਦਿੱਤਾ ਗਿਆ ਹੈ ਅਤੇ ਹੁਣ ਤੱਕ ਜ਼ਿਲ੍ਹਾ ਮਾਨਸਾ ਵਿੱਚ 5,91,574 ਦਿਹਾੜੀਆਂ ਪੈਦਾ ਕੀਤੀਆਂ ਜਾ ਚੁੱਕੀਆਂ ਹਨ ਅਤੇ 29,789 ਪਰਿਵਾਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਚੁੱਕਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਟੀ.ਬੈਨਿਥ ਨੇ ਦੱਸਿਆ ਕਿ ਮੁਹੱਈਆ ਕਰਵਾਈਆਂ ਗਈਆਂ ਦਿਹਾੜੀਆਂ ਵਿੱਚੋਂ 4,25,477 (71.92%) ਦਿਹਾੜੀਆਂ ਔਰਤਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ ਮਗਨਰੇਗਾ ਸਕੀਮ ਅਧੀਨ ਹੁਣ ਤੱਕ ਲੱਗਭੱਗ 1768.71 ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਹਨ, ਜਿਸ ਵਿੱਚੋਂ 1381.95 ਲੱਖ ਰੁਪਏ ਲੇਬਰ ’ਤੇ ਖਰਚ ਕੀਤੇ ਗਏ ਹਨ।
ਸ਼੍ਰੀ ਬੈਨਿਥ ਨੇ ਦੱਸਿਆ ਕਿ ਵੱਖ-ਵੱਖ ਕੰਮਾਂ ਉੱਪਰ ਰੋਜਾਨਾ ਤਕਰੀਬਨ 4000 ਜੋਬ ਕਾਰਡ ਧਾਰਕ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਵੱਧ ਤੋਂ ਵੱਧ ਉਪਰਾਲੇ ਕੀਤੇ ਜਾ ਰਹੇ ਹਨ ਕਿ ਸਕੀਮ ਦਾ ਦਾਇਰਾ ਵਧਾਉਂਦੇ ਹੋਏ ਵੱਧ ਤੋਂ ਵੱਧ ਨਵੇਂ ਜਾਬ ਕਾਰਡ ਬਣਾ ਕੇ ਉਹਨਾਂ ਨੂੰ ਕੰਮ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਉਹਨਾਂ ਦਾ ਜੀਵਨ ਪੱਧਰ ਉੱਚਾ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਮਗਨਰੇਗਾ ਸਕੀਮ ਅਧੀਨ ਪਾਰਕਾਂ ਦੀ ਉਸਾਰੀ, ਖੇਡ ਮੈਦਾਨਾਂ ਦੀ ਉਸਾਰੀ, ਛੱਪੜਾਂ ਅਤੇ ਖਾਲਾਂ ਸਬੰਧੀ ਕੰਮ, ਵਿਅਕਤੀਗਤ ਕੰਮ, ਨਰਸਰੀਆਂ ਦੇ ਕੰਮ ਅਤੇ ਸੋਕ ਪਿੱਟਾਂ ਦੀ ਉਸਾਰੀ ਦੇ ਕੰਮ ਵੱਧ ਤੋਂ ਵੱਧ ਲਏ ਜਾ ਰਹੇ ਹਨ।

