ਬਿਊਰੋ, ਪ੍ਰਾਈਮ ਪੋਸਟ ਪੰਜਾਬ
ਲੁਧਿਆਣਾ/ ਜੀਰਕਪੁਰ , 13 ਅਗਸਤ 2022 : ਗੈਂਗਸਟਰ ਸਾਗਰ ਨਿਊਟਰਨ ਨੂੰ ਲੁਧਿਆਣਾ ਪੁਲਿਸ ਨੇ ਫੜ ਲਿਆ ਹੈ। ਪੁਲਿਸ ਨੇ ਉਸ ਕੋਲੋਂ ਭਾਰੀ ਮਾਤਰਾ ਵਿੱਚ ਅਸਲਾ ਵੀ ਬਰਾਮਦ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਜ਼ੀਰਕਪੁਰ ਸਥਿਤ ਆਪਣੇ ਰਿਸ਼ਤੇਦਾਰ ਦੇ ਘਰ ਲੁਕਿਆ ਹੋਇਆ ਸੀ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗੈਂਗਸਟਰ ਨਿਊਟਰਨ ਪਿਛਲੇ ਕੁਝ ਦਿਨਾਂ ਤੋਂ ਜ਼ੀਰਕਪੁਰ ‘ਚ ਨਜ਼ਰ ਆ ਰਿਹਾ ਹੈ। ਨਿਊਟਰਨ ਦੀ ਗ੍ਰਿਫ਼ਤਾਰੀ ਲਈ ਪੁਲਿਸ ਟੀਮ ਪਿਛਲੇ ਦੋ ਦਿਨਾਂ ਤੋਂ ਜ਼ੀਰਕਪੁਰ ਵਿੱਚ ਡੇਰੇ ਲਾ ਕੇ ਬੈਠੀ ਸੀ। ਦੇਰ ਰਾਤ ਜਿਵੇਂ ਹੀ ਪੁਲਿਸ ਨੂੰ ਪਤਾ ਲੱਗਾ ਕਿ ਨਿਊਟਰਨ ਆਪਣੇ ਰਿਸ਼ਤੇਦਾਰ ਦੇ ਘਰ ਆਇਆ ਹੈ ਤਾਂ ਪੁਲਿਸ ਨੇ ਉਸ ਦੇ ਘਰ ਛਾਪਾ ਮਾਰਿਆ। ਨਿਊਟਰਨ ਨੇ ਘਰੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੁਧਿਆਣਾ ਸੀਆਈਏ-2 ਦੀ ਟੀਮ ਨੇ ਉਸ ਨੂੰ ਫੜ ਲਿਆ।
ਪੁਲਿਸ ਸ਼ੁੱਕਰਵਾਰ ਦੇਰ ਸ਼ਾਮ ਗੈਂਗਸਟਰ ਨੂੰ ਫੜ ਕੇ ਲੁਧਿਆਣਾ ਲੈ ਆਈ। ਗੈਂਗਸਟਰ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 6 ਦਿਨਾਂ ਲਈ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸੀਆਈਏ-2 ਦੇ ਇੰਚਾਰਜ ਬੇਅੰਤ ਜਨੇਜਾ ਨੇ ਦੱਸਿਆ ਕਿ ਦੋਸ਼ੀ ਨਿਊਟਰਨ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਮੁਲਜ਼ਮ ਲੁੱਟ-ਖੋਹ, ਕਤਲ, ਇਰਾਦਾ-ਏ-ਕਤਲ ਆਦਿ ਦੇ ਮਾਮਲਿਆਂ ਵਿੱਚ ਸ਼ਾਮਲ ਹਨ। ਮੁਲਜ਼ਮ ਕੋਲੋਂ ਪੁਲਿਸ ਨੇ ਕਰੀਬ 4 ਤੋਂ 6 ਪਿਸਤੌਲ ਬਰਾਮਦ ਕੀਤੇ ਹਨ। ਮੁਲਜ਼ਮ ਕੋਲੋਂ ਵੱਡੀ ਗਿਣਤੀ ਵਿੱਚ ਹਥਿਆਰ ਬਰਾਮਦ ਹੋਣ ਦੀ ਪੂਰੀ ਸੰਭਾਵਨਾ ਹੈ।

