ਬਿਉੂਰੋ, ਪ੍ਰਾਈਮ ਪੋਸਟ ਪੰਜਾਬ
ਚੰਡੀਗੜ੍ਹ– ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਕੇਂਦਰ ਸਰਕਾਰ ਦੀ ਤਿਰੰਗਾ ਮੁਹਿੰਮ ਰਾਸ ਨਹੀਂ ਆਈ। ਸੰਸਦ ਮੈਂਬਰ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਘਰਾਂ ਅਤੇ ਕਾਰੋਬਾਰੀ ਸੰਸਥਾਨਾਂ ‘ਤੇ ਕੇਸਰੀ ਝੰਡੇ ਲਗਾਉਣ। ਇਸ ‘ਤੇ ਪੰਜਾਬ ਦੇ ਸੀ.ਐੱਮ. ਭਗਵੰਤ ਮਾਨ ਨੇ ਸੰਸਦ ਮੈਂਬਰ ‘ਤੇ ਤੰਜ ਕੱਸਿਆ।
ਸੀਐੱਮ ਮਾਨ ਨੇ ਕਿਹਾ ਕਿ ਸੰਵਿਧਾਨ ਦੀ ਕਸਮ ਖਾਣ ਵਾਲਿਆਂ ਨੂੰ ਤਿਰੰਗੇ ਤੋਂ ਦਿੱਕਤ ਕੀ ਹੈ ? ਉਥੇ ਹੀ ਹੁਣ ਇਸ ਨੂੰ ਲੈ ਕੇ ਮਾਮਲਾ ਭੱਖਦਾ ਨਜ਼ਰ ਆ ਰਿਹਾ ਹੈ। ਇਸ ਤੋਂ ਪਹਿਲਾਂ ਸੰਸਦ ਮੈਂਬਰ ਸਿਮਰਨਜੀਤ ਮਾਨ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿ ਚੁੱਕੇ ਹਨ। ਜਿਸ ਦਾ ਵੀ ਸੀਐੱਮ ਭਗਵੰਤ ਮਾਨ ਨੇ ਸਖ਼ਤ ਵਿਰੋਧ ਕੀਤਾ ਸੀ।
ਭਗਵੰਤ ਮਾਨ ਨੇ ਸਿਮਰਨਜੀਤ ਮਾਨ ‘ਤੇ ਵਰ੍ਹਦਿਆਂ ਕਿਹਾ ਕਿ ਸੰਵਿਧਾਨ ਦੀ ਕਸਮ ਖਾਧੀ ਹੈ ਅਤੇ ਇਨ੍ਹਾਂ ਨੂੰ ਦੇਸ਼ ਦਾ ਝੰਡਾ ਪਸੰਦ ਨਹੀਂ ਹੈ। ਇਸ ਤਰ੍ਹਾਂ ਦਾ ਡਬਲ ਸਟੈਂਡਰਡ ਨਹੀਂ ਚੱਲੇਗਾ। ਇਹ ਦੇਸ਼ ਸਾਨੂੰ ਸ਼ਹੀਦਾਂ ਅਤੇ ਪੂਰਵਜਾਂ ਨੇ ਲੈ ਕੇ ਦਿੱਤਾ ਹੈ। ਅਸੀਂ 90 ਫੀਸਦੀ ਕੁਰਬਾਨੀਆਂ ਦਿੱਤੀਆਂ ਹਨ। ਝੰਡਾ ਪਸੰਦ ਨਾ ਕਰਨ ਵਾਲਿਆਂ ਦੀਆਂ ਇਹ ਸਭ ਦੁਕਾਨਾਂ ਹਨ। ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਚਾਹੀਦੀਆਂ ਹਨ, ਇਨ੍ਹਾਂ ਦੀਆਂ ਦੁਕਾਨਾਂ ਦਾ ਕੋਈ ਗਾਹਕ ਨਹੀਂ ਹੈ।

