ਬਿਊਰੋ, ਪ੍ਰਾਈਮ ਪੋਸਟ ਪੰਜਾਬ
ਚੰਡੀਗੜ੍ਹ– ਗੁਜਰਾਤ ਪਸ਼ੂਆਂ ਵਿੱਚ ਫੈਲੀ ਲੰਪੀ ਸਕਿਨ ਬੀਮਾਰੀ ਹੁਣ ਪੰਜਾਬ ਤੱਕ ਪਹੁੰਚ ਚੁੱਕੀ ਹੈ। ਇਸ ਤੋਂ ਪਹਿਲਾਂ ਰਾਜਸਥਾਨ ਦੇ ਪਸ਼ੂ ਵੀ ਇਸ ਨਾਲ ਪ੍ਰਭਾਵਿਤ ਹੋ ਗਏ ਸਨ। ਇਹ ਬੀਮਾਰੀ ਜ਼ਿਆਦਤਰ ਬਾਰਡਰ ਬੈਲਟ ਏਰੀਆ ਦੇ ਪਸ਼ੂਆਂ ਵਿੱਚ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ। ਜਿਸ ਤੋਂ ਬਾਅਦ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੇ ਸੂਬਾ ਸਰਕਾਰ ਤੋਂ ਜਾਨਵਰਾਂ ਦੇ ਤੁਰੰਤ ਇਲਾਜ ਲਈ 76 ਲੱਖ ਰੁਪਏ ਦੀ ਰਾਸ਼ੀ ਜਾਰੀ ਕਰਵਾਈ ਹੈ।
ਜ਼ਿਕਰਯੋਗ ਹੈ ਕਿ ਇਹ ਬੀਮਾਰੀ ਤਕਰੀਬਨ ਇਕ ਮਹੀਨਾ ਪਹਿਲਾਂ ਗੁਜਰਾਤ ਦੇ ਪਸ਼ੂਆਂ ਵਿੱਚ ਦੇਖਣ ਨੂੰ ਮਿਲੀ ਸੀ। ਇਸ ਲਾ-ਇਲਾਜ ਬੀਮਾਰੀ ਨੇ ਗੁਜਰਾਤ ਵਿੱਚ 12 ਹਜ਼ਾਰ ਅਤੇ ਰਾਜਸਥਾਨ ਵਿੱਚ 3 ਹਜ਼ਾਰ ਪਸ਼ੂਆਂ ਦੀ ਜਾਨ ਲੈ ਲਈ ਸੀ। ਪਰ ਹੁਣ ਇਸ ਬੀਮਾਰੀ ਦੇ ਪੰਜਾਬ ਪਹੁੰਚਣ ਤੋਂ ਬਾਅਦ ਚਿੰਤਾਵਾਂ ਹੋਰ ਵੱਧ ਗਈਆਂ ਹਨ। ਇਸ ਦਾ ਜ਼ਿਆਦਾ ਅਸਰ ਬਾਰਡਰ ਏਰੀਆ ਦੇ ਪਿੰਡਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਗੁਜਰਾਤ-ਰਾਜਸਥਾਨ ਵਾਂਗ ਇਹ ਬੀਮਾਰੀ ਬੇਕਾਬੂ ਹੋ ਗਈ ਤਾਂ ਸੂਬੇ ਵਿੱਚ ਦੁੱਧ ਦੀ ਪੈਦਾਵਾਰ ‘ਤੇ ਇਸ ਦਾ ਅਸਰ ਪਵੇਗਾ।
ਲੰਪੀ ਬੀਮਾਰੀ ਦੇ ਪੰਜਾਬ ਵਿੱਚ ਆਉਣ ਤੋਂ ਬਾਅਦ ਮੰਤਰੀ ਭੁੱਲਰ ਨੇ ਬਾਰਡਰ ਏਰੀਆ ਦੇ ਹਰ ਜ਼ਿਲ੍ਹੇ ਨੂੰ 5-5 ਲੱਖ ਅਤੇ ਹੋਰ ਜਿਲ੍ਹਿਆਂ ਨੂੰ 3-3 ਲੱਖ ਰੁਪਏ ਦੀ ਰਾਸ਼ੀ ਜਾਰੀ ਕਰਵਾਈ ਹੈ ਤਾਂ ਜੋ ਲੰਪੀ ਬੀਮਾਰੀ ਨਾਲ ਪੀੜਤ ਹੋ ਚੁੱਕੇ ਜਾਨਵਰਾਂ ਦੀ ਦਵਾਈ ਸ਼ੁਰੂ ਕਰਵਾਈ ਜਾ ਸਕੇ। ਉਥੇ ਹੀ ਦੂਜੇ ਪਾਸੇ ਗੁਜਰਾਤ ਵਿੱਚ 12 ਹਜ਼ਾਰ ਜਾਨਵਰਾਂ ਦੀ ਜਾਨ ਜਾਣ ਤੋਂ ਬਾਅਦ ਉਥੇ 10.6 ਲੱਖ ਪਸ਼ੂਆਂ ਨੂੰ ਵੈਕਸੀਨੇਟ ਕੀਤਾ ਜਾ ਚੁੱਕਾ ਹੈ।
ਜਾਣਕਾਰੀ ਮੁਤਾਬਕ ਇਹ ਰੋਗ ਇਕ ਵਾਇਰਸ ਦੇ ਚੱਲਦੇ ਮਵੇਸ਼ੀਆਂ ਵਿੱਚ ਫੈਲ ਰਿਹਾ ਹੈ। ਜਿਸ ਨੂੰ ਗੰਢਦਾਰ ਚਮੜੀ ਰੋਗ ਵਾਇਰਸ ਕਿਹਾ ਜਾਂਦਾ ਹੈ। ਇਸ ਦੀਆਂ ਤਿੰਨ ਪ੍ਰਜਾਤੀਆਂ ਹਨ। ਜਿਸ ਵਿਚ ਪਹਿਲੀ ਪ੍ਰਜਾਤੀ ਕੈਪ੍ਰਿਪਾਕਸ ਵਾਇਰਸ ਦੂਜੀ ਗੋਟਪਾਕਸ ਵਾਇਰਸ ਅਤੇ ਤੀਜੀ ਸ਼ੀਪਪਾਕਸ ਵਾਇਰਸ ਹੈ।
ਇਸ ਰੋਗ ਵਿਚ ਪਸ਼ੂ ਨੂੰ ਬੁਖਾਰ ਹੁੰਦਾ ਹੈ। ਇਸ ਦੇ ਨਾਲ ਹੀ ਭਾਰ ਘੱਟ ਹੋਣਾ, ਲਾਰ ਨਿਕਲਣਾ, ਅੱਖ ਅਤੇ ਨੱਕ ਦਾ ਵੱਗਣਾ, ਦੁੱਧ ਦਾ ਘੱਟ ਹੋਣਾ, ਸਰੀਰ ਅਤੇ ਵੱਖ-ਵੱਖ ਤਰ੍ਹਾਂ ਦੇ ਨੋਡਿਊਲ ਦਿਖਾਈ ਦੇਣਾ ਸ਼ਾਮਲ ਹਨ। ਇਸ ਦੇ ਨਾਲ ਹੀ ਇਸ ਰੋਗ ਨਾਲ ਸਰੀਰ ਵਿੱਚ ਗੰਢਾਂ ਵੀ ਬਣ ਜਾਂਦੀਆਂ ਹਨ। ਇਸ ਨਾਲ ਮਾਦਾ ਮਵੇਸ਼ੀਆਂ ਨੂੰ ਬਾਂਝਪਨ, ਗਰਭਪਾਤ, ਨਿਮੋਨੀਆ ਅਤੇ ਲੰਗੜਾਪਨ ਝੱਲਣਾ ਪੈ ਸਕਦਾ ਹੈ।
ਇਹ ਇਕ ਤਰ੍ਹਾਂ ਦਾ ਵਾਇਰਸ ਹੈ ਜਿਸ ਦਾ ਕੋਈ ਠੋਸ ਉਪਾਅ ਨਹੀਂ ਹੈ। ਅਜਿਹੇ ਵਿੱਚ ਪਸ਼ੂਆਂ ਨੂੰ ਇਸ ਤੋਂ ਪ੍ਰਭਾਵਿਤ ਖੇਤਰਾਂ ਵਿੱਚ ਜਾਣ ਤੋਂ ਰੋਕਣਾ ਚਾਹੀਦਾ ਹੈ। ਰੋਗ ਤੋਂ ਬਚਣ ਲਈ ਐਂਟੀਬਾਇਓਟਿਕਸ, ਐਂਟੀ ਇੰਫਲੇਮੈਟਰੀ ਅਤੇ ਐਂਟੀਹਿਸਟਾਮਿਨਿਕ ਦਵਾਈਆਂ ਦਿੱਤੀਆਂ ਜਾਂਦੀਆਂ ਹਨ।

