ਮਲੋਟ ਤੇ ਗਿੱਦੜਬਾਹਾ ਦੇ ਪਿੰਡਾਂ ਵਿਚ ਖੇਤਾਂ ਵਿਚੋਂ ਪਾਣੀ ਕੱਢਣ ਵਾਸਤੇ 60 ਲੱਖ ਤੋਂ ਜ਼ਿਆਦਾ ਦੀਆਂ ਪਾਈਪਾਂ ਵੰਡੀਆਂ
ਬਿਊਰੋ, ਪ੍ਰਾਈਮ ਪੋਸਟ ਪੰਜਾਬ
ਬਠਿੰਡਾ : ਲੋਕ ਸਭਾ ਹਲਕਾ ਬਠਿੰਡਾ ਦੇ ਐਮਪੀ ਹਰਸਿਮਰਤ ਕੌਰ ਬਾਦਲ ਨੇ ਮੰਗ ਕੀਤੀ ਕਿ ਮਾਨਸਾ ਵਿੱਚ ਮਾਲ ਵਿਹੜਾ ਤੇ ਰੇਲਵੇ ਲਾਂਘਾ ਸ਼ਹਿਰ ਤੋਂ ਬਾਹਰ ਕੱਢਿਆ ਜਾਵੇ ਤਾਂ ਜੋ ਸ਼ਹਿਰ ਵਿਚ ਟ੍ਰੈਫਿਕ ਸਮੱਸਿਆ ਦਾ ਹੱਲ ਹੋ ਸਕੇ ਅਤੇ ਹਾਦਸੇ ਰੋਕੇ ਜਾ ਸਕਣ।
ਸੰਸਦ ਵਿੱਚ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਰੇਲਵੇ ਦਾ ਮਾਲ ਵਿਹੜਾ ਤੇ ਰੇਲਵੇ ਲਾਂਘਾ ਸ਼ਹਿਰ ਦੇ ਐਨ ਵਿਚਕਾਰ ਹਨ ਅਤੇ ਅਨਾਜ, ਸੀਮਿੰਟ ਤੇ ਖਾਦਾਂ ਦੀ ਲੋਡਿੰਗ ਤੇ ਅਨਲੋਡਿੰਗ ਵੇਲੇ ਸ਼ਹਿਰ ਦੇ ਲੋਕਾਂ ਨੂੰ ਟ੍ਰੈਫਿਕ ਜਾਮ ਕਾਰਨ ਸਮੱਸਿਆ ਆਉਂਦੀ ਹੈ । ਉਹਨਾਂ ਕਿਹਾ ਕਿ ਸੜਕਾਂ ’ਤੇ ਜਾਮ ਲੱਗਣ ਦੇ ਨਾਲ ਨਾਲ ਹਾਦਸੇ ਵਾਪਰਨ ਦਾ ਖ਼ਦਸ਼ਾ ਵੀ ਬਣਿਆ ਰਹਿੰਦਾ ਹੈ । ਉਹਨਾਂ ਮੰਗ ਕੀਤੀ ਕਿ ਰੇਲਵੇ ਦੇ ਇਸ ਮਾਲ ਵਿਹੜੇ ਤੇ ਲਾਂਘੇ ਨੂੰ ਨਰਿੰਦਰਪੁਰਾ ਸਟੇਸ਼ਨ ਸ਼ਿਫਟ ਕੀਤਾ ਜਾਵੇ।

ਇਕ ਹੋਰ ਘਟਨਾਕ੍ਰਮ ਵਿੱਚ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਗੋਰਖਧਾਮ ਐਕਸਪ੍ਰੈਸ ਜੋ ਪਹਿਲਾਂ ਉਹਨਾਂ ਦੇ ਕਹਿਣ ’ਤੇ ਸ਼ਹਿਰ ਵਿੱਚ ਰੋਕਣ ਦੀ ਵਿਵਸਥਾ ਕੀਤੀ ਗਈ ਸੀ, ਨੂੰ ਅਲੀਗੜ੍ਹ ਵਿੱਚ ਰੋਕਣ ਦੀ ਵਿਵਸਥਾ ਕੀਤੀ ਜਾਵੇ।
ਬੀਬਾ ਬਾਦਲ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਬਠਿੰਡਾ ਦੇ ਵਪਾਰੀ ਵਪਾਰਕ ਮੰਤਵਾਂ ਵਾਸਤੇ ਅਲੀਗੜ੍ਹ ਜਾਂਦੇ ਹਨ। ਉਹਨਾਂ ਕਿਹਾ ਕਿ ਸ਼ਹਿਰ ਵਿਚ ਵੱਡੀ ਗਿਣਤੀ ਫੌਜੀ ਤੇ ਹਵਾਈ ਫੌਜੀ ਸਟੇਸ਼ਨ ਮੁਲਾਜ਼ਮਾਂ ਦੇ ਨਾਲ ਨਾਲ ਐਨਐਫ ਐਲ ਤੇ ਰਿਫਾਇਨਰੀ ਦੇ ਮੁਲਾਜ਼ਮ ਰੂਟੀਨ ਵਿੱਚ ਅਲੀਗੜ੍ਹ ਜਾਂਦੇ ਹਨ ਅਤੇ ਅਲੀਗੜ੍ਹ ਵਿੱਚ ਗੱਡੀ ਦਾ ਠਹਿਰਾਅ ਹੋਣ ਨਾਲ ਉਹਨਾਂ ਨੂੰ ਚੋਖਾ ਲਾਭ ਮਿਲੇਗਾ।
ਇਸ ਦੌਰਾਨ ਬਠਿੰਡਾ ਦੇ ਐਮਪੀ ਨੇ ਮਲੋਟ ਤੇ ਗਿੱਦੜਬਾਹਾ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਲਈ 60 ਲੱਖ ਰੁਪਏ ਦੀਆਂ ਪਾਈਪਾਂ ਵੀ ਵੰਡੀਆਂ। ਬੀਬਾ ਬਾਦਲ ਨੇ ਕਿਹਾ ਕਿ ਉਹਨਾਂ ਨੇ ਪਹਿਲਕਦਮੀ ਇਸ ਕਰ ਕੇ ਕੀਤੀ ਹੈ ਕਿਉਂਕਿ ਉਹਨਾਂ ਨੂੰ ਕਿਸਾਨਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਭਾਰੀ ਬਰਸਾਤਾਂ ਤੋਂ ਬਾਅਦ ਖੇਤਾਂ ਵਿਚੋਂ ਪਾਣੀ ਕੱਢਣ ਵਾਸਤੇ ਕੋਈ ਪਹਿਲਕਦਮੀ ਨਹੀਂ ਕੀਤੀ। ਇਸ ਮੌਕੇ ਪਿੰਡ ਰੱਤਾ ਖੇੜਾ, ਪੰਨੀਵਾਲਾ ਫੱਤਾ, ਪੱਕੀ ਟਿੱਬੀ, ਮਿੱਡਾ, ਅਸਪਾਲ, ਬੋਦੀਵਾਲਾ, ਸਰਾਵਾਂ, ਰੱਤਾ ਖੇੜਾ, ਲਾਲਬਾਈ ਤੇ ਆਲਮਵਾਲਾ ਮਲੋਟ ਤੇ ਥਰਾਜਵਾਲਾ ਗਿੱਦੜਬਾਹਾ ਵਿੱਚ ਪਾਈਪਾਂ ਵੰਡੀਆਂ ਗਈਆਂ।

