ਬਿਊਰੋ , ਪ੍ਰਾਈਮ ਪੋਸਟ ਪੰਜਾਬ
ਫਿਰੋਜ਼ਪੁਰ ਵਿੱਚ ਤਾਇਨਾਤ ਇਕ ਪੁਲਿਸ ਵਾਲੇ ਦੀ 6 ਰੁਪਏ ਵਿੱਚ ਕਿਸਮਤ ਬਦਲ ਗਈ। ਕੁਲਦੀਪ ਸਿੰਘ ਨਾਂ ਦੇ ਇਸ ਕਾਂਸਟੇਬਲ ਨੇ 6 ਰੁਪਏ ਦਾ ਲਾਟਰੀ ਟਿਕਟ ਖਰੀਦਿਆ ਸੀ ਜਿਸ ‘ਤੇ ਉਸ ਦਾ 1 ਕਰੋੜ ਰੁਪਏ ਕੈਸ਼ ਦਾ ਇਨਾਮ ਨਿਕਲ ਆਇਆ। ਸਾਧਾਰਨ ਤਰੀਕੇ ਨਾਲ ਜੀਵਨ ਬਸਰ ਕਰਨ ਵਾਲੇ ਕੁਲਦੀਪ ਸਿੰਘ ਦਾ ਪਰਿਵਾਰ ਬਹੁਤ ਖੁਸ਼ ਹੈ।
ਪੰਜਾਬ ਪੁਲਿਸ ਦੇ ਕਾਂਸਟੇਬਲ ਕੁਲਦੀਪ ਸਿੰਘ ਮੂਲ ਤੌਰ ‘ਤੇ ਰਾਜਸਥਾਨ ਵਿੱਚ ਸ਼੍ਰੀ ਗੰਗਾਨਗਰ ਦੇ ਰਹਿਣ ਵਾਲੇ ਹਨ। ਨੌਕਰੀ ਦੀ ਵਜ੍ਹਾ ਨਾਲ ਕੁਲਦੀਪ ਰਾਜਸਥਾਨ ਤੋਂ ਪੰਜਾਬ ਆ ਗਿਆ। ਪਰਿਵਾਰ ਵਿੱਚ ਮਾਤਾ-ਪਿਤਾ ਦੇ ਇਲਾਵਾ ਉਨ੍ਹਾਂ ਦੀ ਪਤਨੀ ਤੇ 8 ਸਾਲ ਦਾ ਇਕ ਮੁੰਡਾ ਹੈ। ਕੁਲਦੀਪ ਸਿੰਘ ਦੀ ਪੋਸਟਿੰਗ ਇਸ ਸਮੇਂ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਹੈ । ਉਹ ਫਿਰੋਜ਼ਪੁਰ ਪੁਲਿਸ ਦੀ ਕਵਿੱਕ ਰਿਸਪਾਂਸ ਟੀਮ ਵਿੱਚ ਤਾਇਨਾਤ ਹੈ ਅਤੇ ਕਿਸੇ ਨਾ ਕਿਸੇ ਕੰਮ ਤੋਂ ਲੁਧਿਆਣਾ ਆਉਂਦੇ ਰਹਿੰਦੇ ਹਨ।

ਕੁਲਦੀਪ ਨੇ ਦੱਸਿਆ ਕਿ ਉਸ ਦੀ ਮਾਂ ਬਲਜਿੰਦਰ ਕੌਰ ਨੇ 6 ਮਹੀਨੇ ਪਹਿਲਾਂ ਇਕ ਦਿਨ ਅਚਾਨਕ ਉਸ ਤੋਂ ਲਾਟਰੀ ਖਰੀਦਣ ਨੂੰ ਕਿਹਾ। ਮਾਂ ਦਾ ਕਹਿਣਾ ਸੀ ਕਿ ਉਸ ਦੀ ਲਾਟਰੀ ਜ਼ਰੂਰ ਨਿਕਲੇਗੀ। ਮਾਂ ਦੇ ਵਾਰ-ਵਾਰ ਕਹਿਣ ‘ਤੇ ਉਸ ਨੇ 6 ਮਹੀਨੇ ਪਹਿਲਾਂ ਲਾਟਰੀ ਦਾ ਟਿਕਟ ਖਰੀਦਣਾ ਸ਼ੁਰੂ ਕੀਤਾ। ਤਕਰੀਬਨ 4 ਮਹੀਨੇ ਪਹਿਲਾਂ ਉਸ ਦੀ 6 ਹਜ਼ਾਰ ਰੁਪਏ ਦੀ ਪਹਿਲੀ ਲਾਟਰੀ ਨਿਕਲੀ ਤਾਂ ਸਾਰੇ ਖੁਸ਼ ਹੋਏ।
ਕੁਲਦੀਪ ਨੇ ਦੱਸਿਆ ਕਿ ਉਹ ਨਾਗਾਲੈਂਡ ਸਟੇਟ ਲਾਟਰੀਆਂ ਦੇ ਟਿਕਟ ਹੀ ਖਰੀਦਦੇ ਹਨ ਜਿਸ ਦਾ ਰੋਜ਼ ਦਿਨ ਵਿੱਚ ਤਿੰਨ ਵਾਰ ਡਰਾਅ ਨਿਕਲਦਾ ਹੈ। ਇਹ ਡਰਾਅ 8 ਵਜੇ ਦੁਪਹਿਰ 1 ਵਜੇ ਤੇ ਰਾਤ 8 ਵਜੇ ਨਿਕਲਦਾ ਹੈ। ਉਸਨੇ ਲੁਧਿਆਣਾ ਵਿੱਚ ਗਾਂਧੀ ਬ੍ਰਦਰਜ਼ ਤੋਂ ਨਾਗਾਲੈਂਡ ਸਟੇਟ ਲਾਟਰੀ ਦੀਆਂ ਟਿਕਟਾਂ ਦੀ ਇਕ ਕਾਪੀ ਖਰੀਦੀ ਸੀ। ਡੇਢ ਸੌ ਰੁਪਏ ਦੀ ਇਸ ਕਾਪੀ ਵਿੱਚ ਲਾਟਰੀ ਦੇ ਕੁੱਲ 25 ਟਿਕਟਾਂ ਸਨ ਤੇ ਇਨ੍ਹਾਂ ਵਿਚੋਂ ਹਰ ਟਿਕਟ ਦੀ ਕੀਮਤ 6 ਰੁਪਏ ਸੀ।
2 ਅਗਸਤ ਦੀ ਸ਼ਾਮ ਨੂੰ ਕੁਲਦੀਪ ਫਿਰੋਜ਼ਪੁਰ ਵਿੱਚ ਡਿਊਟੀ ‘ਤੇ ਸੀ। ਉੁਸੇ ਸਮੇਂ ਉਸ ਕੋਲ ਲੁਧਿਆਣਾ ਤੋਂ ਗਾਂਧੀ ਬ੍ਰਦਰਜ਼ ਤੋਂ ਫੋਨ ਆਇਆ। ਫੋਨ ਕਰਨ ਵਾਲੇ ਦੁਕਾਨਦਾਰ ਨੇ ਜਦੋਂ ਦੱਸਿਆ ਕਿ ਉਸ ਦੀ ਇਕ ਕਰੋੜ ਦੀ ਲਾਟਰੀ ਨਿਕਲੀ ਹੈ ਤਾਂ ਉਸ ਨੂੰ ਵਿਸ਼ਵਾਸ ਨਹੀਂ ਹੋਇਆ। ਉਸ ਨੇ ਕਦੇ ਸੋਚਿਆ ਨਹੀਂ ਕਿ ਉਸ ਦੀ ਇਕ ਕਰੋੜ ਦੀ ਲਾਟਰੀ ਨਿਕਲੇਗੀ। ਗੰਗਾਨਗਰ ਸਥਿਤ ਆਪਣੇ ਘਰ ਵਿਚ ਮਾਂ ਬਲਜਿੰਦਰ ਕੌਰ ਦੇ ਨਾਲ ਖੁਸ਼ੀ ਮਨਾਉਂਦੇ ਹੋਏ ਕੁਲਦੀਪ ਨੇ ਕਿਹਾ ਕਿ ਉਹ ਲਾਟਰੀ ‘ਚ ਨਿਕਲੇ ਇਕ ਕਰੋੜ ਰੁਪਏ ਨਾਲ ਆਪਣੇ ਮੁੰਡੇ ਨੂੰ ਚੰਗੀ ਤਰ੍ਹਾਂ ਪੜ੍ਹਾਉਣਗੇ। ਨਾਲ ਹੀ ਲੋੜਵੰਦ ਬੱਚਿਆਂ ਦੀ ਮਦਦ ਕਰਨਗੇ। ਉਹ ਗੁਰੂ ਘਰ ਵਿਚ ਵੀ ਕੁਝ ਰਕਮ ਚੜ੍ਹਾ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਨਗੇ।
ਕੁਲਦੀਪ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਜੀਵਨ ਵਿੱਚ ਚੰਗਾ ਤੇ ਬੁਰਾ ਦੋਵੇਂ ਤਰ੍ਹਾਂ ਦਾ ਸਮਾਂ ਦੇਖਿਆ ਹੈ। ਅੱਜ ਭਗਵਾਨ ਨੇ ਉਨ੍ਹਾਂ ਦੇ ਪਰਿਵਾਰ ਨੂੰ ਖੁਸ਼ੀਆਂ ਮਨਾਉਣ ਦਾ ਦਿਨ ਦਿੱਤਾ ਹੈ। ਇਹ ਸਾਰਾ ਵਾਹਿਗੁਰੂ ਦਾ ਹੀ ਆਸ਼ੀਰਵਾਦ ਹੈ।

