ਬਿਊਰੋ, ਪ੍ਰਾਈਮ ਪੋਸਟ ਪੰਜਾਬ
ਚੰਡੀਗੜ੍ਹ– ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲ ਦੇ ਲਈ 6 ਨਹੀਂ ਬਲਕਿ 9 ਸ਼ੂਟਰ ਤਿਆਰ ਕੀਤੇ ਗਏ ਸਨ। ਇਨ੍ਹਾਂ ਵਿੱਚ ਮਨਦੀਪ ਸਿੰਘ ਉਰਫ ਤੁਫਾਨ ਬਟਾਲਾ, ਮਨਪ੍ਰੀਤ ਸਿੰਘ ਉਰਫ ਮਨੀ ਰਈਆ ਤੇ ਇਕ ਹੋਰ ਸ਼ੂਟਰ ਸ਼ਾਮਲ ਸੀ। ਇਹ ਤਿੰਨੋਂ ਮੂਸੇਵਾਲਾ ਦੀ ਰੇਕੀ ਵਿੱਚ ਵੀ ਸ਼ਾਮਲ ਸਨ। 29 ਮਈ ਨੂੰ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਉਨ੍ਹਾਂ ਨੂੰ ਕਤਲ ਦੇ ਕੋਰੋਲਾ ਮਾਡਿਊਲ ਵਿੱਚ ਸ਼ਾਮਲ ਕੀਤਾ ਗਿਆ ਸੀ। ਗੋਲਡੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਮੂਸੇਵਾਲਾ ਦੇ ਕਤਲ ਦੇ ਲਈ ਜਗਰੂਪ ਰੂਪਾ ਤੇ ਮਨਪ੍ਰੀਤ ਮੰਨੂ ਦੇ ਨਾਲ ਜਾਣਗੇ।
ਇਸ ਤੋਂ ਬਾਅਦ ਅਚਾਨਕ ਕਤਲ ਤੋਂ ਇਕ ਦਿਨ ਪਹਿਲਾ 28 ਮਈ ਨੂੰ ਗੋਲਡੀ ਬਰਾੜ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਅਲੱਗ ਗੱਡੀ ਵਿੱਚ ਜਾਣ। ਉਹ ਜਗਰੂਪ ਰੂਪਾ ਤੇ ਮਨਪ੍ਰੀਤ ਮੰਨੂ ਨੂੰ ਕਵਰ ਦੇਣ। ਉਨ੍ਹਾਂ ਦੇ ਲਈ ਅਲੱਗ ਗੱਡੀ ਖੜ੍ਹੀ ਕੀਤੀ ਗਈ ਸੀ। ਹਾਲਾਂਕਿ ਅਚਾਨਕ ਗੋਲਡੀ ਬਰਾੜ ਨੇ ਤਿੰਨਾਂ ਨੂੰ ਉਥੋਂ ਇਲਾਕਾ ਖਾਲੀ ਕਰਨ ਲਈ ਕਿਹਾ। ਮੰਨਿਆ ਜਾ ਰਿਹਾ ਹੈ ਕਿ ਮੂਸੇਵਾਲਾ ਦੇ ਨਾਲ ਸਕਿਓਰਿਟੀ ਨਾ ਹੋਣ ਦੇ ਕਾਰਨ ਹੋਰ ਸ਼ੂਟਰਾਂ ਨੂੰ ਇਸ ਕਤਲਕਾਂਡ ਵਿਚ ਸ਼ਾਮਲ ਨਹੀਂ ਕੀਤਾ ਗਿਆ।
ਸੋਸ਼ਲ ਮੀਡੀਆ ‘ਤੇ ਦੇ ਰਹੇ ਸਫਾਈ :
ਮੂਸੇਵਾਲਾ ਦੇ ਕਤਲ ਤੋਂ ਬਾਅਦ ਮੱਚੇ ਬਵਾਲ ਨੂੰ ਦੇਖਦੇ ਹੋਏ ਗੈਂਗਸਟਰ ਤੁਫਾਨ ਬਟਾਲਾ ਤੇ ਮਨੀ ਰਈਆ ਸੋਸ਼ਲ ਮੀਡੀਆ ਉੱਤੇ ਸਫਾਈ ਦੇ ਰਹੇ ਹਨ। ਜਿਸ ਵਿੱਚ ਉਹ ਕਹਿ ਰਹੇ ਹਨ ਕਿ ਉਨ੍ਹਾਂ ਦਾ ਮੂਸੇਵਾਲਾ ਕਤਲਕਾਂਡ ਨਾਲ ਕੋਈ ਲੈਣ-ਦੇਣ ਨਹੀਂ ਹੈ। ਦੋਵੇਂ ਹੀ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਖਾਸ ਹਨ। ਇਹ ਦੋਵੇਂ ਗੈਂਗਸਟਰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਨਿਰਮਲ ਸਿੰਘ ਦੇ ਭਤੀਜੇ ਸੰਦੀਪ ਕਾਹਲੋਂ ਦੇ ਘਰ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਰੁਕੇ ਸਨ।
3 ਸ਼ਾਰਪਸ਼ੂਟਰ ਗ੍ਰਿਫਤਾਰ, 2 ਦਾ ਐਨਕਾਊਂਟਰ 1 ਫਰਾਰ
ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ਵਿੱਚ ਹੁਣ ਤੱਕ 6 ਸ਼ਾਰਪਸ਼ੂਟਰਾਂ ਦਾ ਚਿਹਰਾ ਬੇਨਕਾਬ ਹੋਇਆ ਹੈ। ਇਨ੍ਹਾਂ ਵਿੱਚ ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ ਤੇ ਕਸ਼ਿਸ਼ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੇ ਗ੍ਰਿਫਤਾਰ ਕਰ ਲਿਆ ਹੈ। ਜਗਰੂਪ ਰੂਪਾ ਤੇ ਮਨਪ੍ਰੀਤ ਮੰਨੂ ਦਾ ਅੰਮ੍ਰਿਤਸਰ ਪੁਲਿਸ ਨੇ ਐਨਕਾਊਂਟਰ ਕਰ ਦਿੱਤਾ ਹੈ। 1 ਸ਼ਾਰਪਸ਼ੂਟਰ ਦੀਪਕ ਮੁੰਡੀ ਅਜੇ ਵੀ ਫਰਾਰ ਹੈ।

