ਬਿਊਰੋ, ਪ੍ਰਾਈਮ ਪੋਸਟ ਪੰਜਾਬ
ਗੁਰਦਾਸਪੁਰ : ਗੈਂਗਸਟਰ ਜੱਗੂ ਭਗਵਾਨਪੁਰੀਆ ਦਾ 6 ਦਿਨਾਂ ਪੁਲਿਸ ਰਿਮਾਂਡ ਅੱਜ ਖਤਮ ਹੋ ਰਿਹਾ ਹੈ ਜਿਸ ਤੋਂ ਬਾਅਦ ਅੱਜ ਉਸ ਨੂੰ ਮੁੜ ਗੁਰਦਾਸਪੁਰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਭਗਵਾਨਪੁਰੀਆ 29 ਜਨਵਰੀ ਨੂੰ ਕੌਮਾਂਤਰੀ ਸਰਹੱਦ ‘ਤੇ ਬੀ.ਐੱਸ.ਐੱਫ. ਜਵਾਨਾਂ ਅਤੇ ਪਾਕਿਸਤਾਨੀ ਤਸਕਰਾਂ ਵਿਚਾਲੇ ਹੋਈ ਝੜਪ ਦੇ ਇਕ ਮਾਮਲੇ ‘ਚ ਗੁਰਦਾਸਪੁਰ ਪੁਲਿਸ ਦੇ ਰਿਮਾਂਡ ‘ਤੇ ਹੈ, ਪੁਲਿਸ ਨੇ 47 ਕਿ.ਗ੍ਰਾ. ਹੈਰੋਇਨ, ਦੋ ਪਿਸਤੌਲ ਅਤੇ ਅਫੀਮ ਦੇ ਸੱਤ ਪੈਕਟ ਬਰਾਮਦ ਕੀਤੇ ਗਏ ਹਨ।
ਜਿਸ ਤੋਂ ਬਾਅਦ 21 ਜੁਲਾਈ ਨੂੰ ਗੁਰਦਾਸਪੁਰ ਪੁਲਿਸ ਵੱਲੋਂ ਰਿਮਾਂਡ ‘ਤੇ ਲੈ ਕੇ ਜੱਗੂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸ ਦਈਏ ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਨਾਮਜਦ ਗੈਂਗਸਟਰ ਜੱਗੂ ਭਗਵਾਨਪੁਰੀਆ, ਇਰਾਦਾ ਕਤਲ ਦੇ ਮਾਮਲੇ ‘ਚ ਰਈਆ ਪੁਲਿਸ ਵੱਲੋਂ ਰਿਮਾਂਡ ‘ਤੇ ਲਿਆ ਗਿਆ ਸੀ।
ਅੰਮ੍ਰਿਤਸਰ ਦਿਹਾਤੀ ਪੁਲਸ ਨੇ ਲਿਆ ਸੀ ਟ੍ਰਾਂਜ਼ਿਟ ਰਿਮਾਂਡ
ਰਈਆ ਬੱਸ ਅੱਡੇ ਤੋਂ ਸ਼ੂਟਰ ਸ਼ੁਭਮ ਨੂੰ ਪੁਲਿਸ ਪਾਰਟੀ ‘ਤੇ ਫਾਇਰਿੰਗ ਕਰਕੇ ਰਿਹਾਅ ਕਰਵਾਉਣ ਦੇ ਮਾਮਲੇ ‘ਚ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਜੱਗੂ ਦਾ ਟਰਾਂਜਿਟ ਰਿਮਾਂਡ ਲਿਆ ਗਿਆ ਸੀ। ਜੱਗੂ ਕੋਲੋਂ ਇਸ ਤੋਂ ਪਹਿਲਾਂ ਮਾਨਸਾ ਪੁਲਿਸ 14 ਦਿਨ ਪੁੱਛਗਿੱਛ ਕਰ ਚੁੱਕੀ ਹੈ ਤੇ 11 ਦਿਨ ਅੰਮ੍ਰਿਤਸਰ ਦਿਹਾਤੀ ਪੁਲਿਸ ਕੋਲੋਂ ਰਿਮਾਂਡ ਅੱਜ ਖਤਮ ਹੋਣ ਤੋਂ ਬਾਅਦ ਅੱਜ ਬਾਬਾ ਬਕਾਲਾ ਵਿਖੇ ਪੇਸ਼ ਕੀਤਾ ਜਾਵੇਗਾ।
ਲੁਧਿਆਣਾ ਪੁਲਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਨਿਰਮਲ ਸਿੰਘ ਦੇ ਭਤੀਜੇ ਸੰਦੀਪ ਕਾਹਲੋਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਮਗਰੋਂ ਇਹ ਗੱਲ ਸਾਹਮਣੇ ਆਈ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਸੰਦੀਪ ਦੀ ਫਤਿਹਗੜ੍ਹ ਚੂੜੀਆਂ ‘ਚ ਹਵੇਲੀ ਅੰਦਰ ਹਥਿਆਰ ਰੱਖਦਾ ਸੀ।
ਸੰਦੀਪ ਕਾਹਲੋਂ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਬਚਪਨ ਦਾ ਦੋਸਤ ਰਣਜੀਤ ਸਿੰਘ ਉਸਦੇ ਨਾਲ ਰਹਿੰਦਾ ਹੈ। ਰਣਜੀਤ ਸਿੰਘ ਅਤੇ ਜਗਜੀਤ ਸਿੰਘ ਉਰਫ ਜੱਗੂ ਭਗਵਾਨਪੁਰੀਆ ਦੀ ਚੰਗੀ ਦੋਸਤੀ ਹੈ। ਇਸ ਕਾਰਨ ਰਣਜੀਤ ਅਤੇ ਜੱਗੂ ਭਗਵਾਨਪੁਰੀਆ ਨੇ ਉਸ ਨੂੰ ਦੋ ਪਿਸਤੌਲ ਅਤੇ 28 ਰੌਂਦ ਰੱਖਣ ਲਈ ਦੇ ਦਿੱਤੇ।
ਜਦੋਂ ਰਣਜੀਤ ਤੇ ਜੱਗੂ ਨੂੰ ਹਥਿਆਰਾਂ ਦੀ ਲੋੜ ਪੈਂਦੀ ਸੀ ਤਾਂ ਉਹ ਸੰਦੀਪ ਕਾਹਲੋਂ ਦੀ ਹਵੇਲੀ ਤੋਂ ਹਥਿਆਰ ਲੈ ਕੇ ਆਉਂਦੇ ਸਨ। ਕੁਝ ਦਿਨਾਂ ਬਾਅਦ ਰਣਜੀਤ ਅਤੇ ਭਗਵਾਨਪੁਰੀ ਹਥਿਆਰਾਂ ਨੂੰ ਵਾਪਸ ਮਹਿਲ ਵਿਚ ਹੀ ਰੱਖ ਦਿੰਦੇ ਸਨ। ਸੰਦੀਪ ਕਾਹਲੋਂ ਦੇ ਇਸ਼ਾਰੇ ‘ਤੇ ਪੁਲਿਸ ਨੇ ਉਸ ਦੀ ਹਵੇਲੀ ‘ਚੋਂ ਇਕ 45 ਬੋਰ (ਯੂ.ਐੱਸ.ਏ.) ਪਿਸਤੌਲ ਸਮੇਤ 28 ਰੌਂਦ, ਇਕ 9.ਐੱਮ.ਐੱਮ. ਜਰਮਨ ਮੇਡ ਪਿਸਤੌਲ ਅਤੇ ਇਕ ਮੋਬਾਈਲ ਬਰਾਮਦ ਕੀਤਾ ਹੈ।
ਦੱਸ ਦੇਈਏ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗੈਂਗਸਟਰ ਸ਼ਾਹਰੁਖ ਨੂੰ ਫੜਿਆ ਸੀ। ਉਸ ਨੇ ਕਿਹਾ ਸੀ ਕਿ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਵਿੱਚ ਗੈਂਗਸਟਰ ਲਾਰੈਂਸ ਨਾਲ ਜੱਗੂ ਭਗਵਾਨਪੁਰੀਆ ਵੀ ਸ਼ਾਮਿਲ ਹੈ। ਪੁਲਿਸ ਜੱਗੂ ਭਗਵਾਨਪੁਰੀਆ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਲੈ ਕੇ ਆਈ ਹੈ।











