ਬਿਊਰੋ, ਪ੍ਰਾਈਮ ਪੋਸਟ ਪੰਜਾਬ
ਬਠਿੰਡਾ ਵਿੱਚ ਪੋਲੀਟੈਕਨੀਕਲ ਕਾਲਜ ਵਿੱਚ ਉਸ ਵੇਲੇ ਹੰਗਾਮੇ ਵਾਲੀ ਸਥਿਤੀ ਹੋ ਗਈ ਜਦੋਂ ਪੇਪਰ ਦੇਣ ਆਏ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕੜੇ ਲਾਹੁਣ ਲਈ ਕਿਹਾ ਗਿਆ। ਇਨ੍ਹਾਂ ਵਿੱਚ ਕਈ ਸਿੱਖ ਵਿਦਿਆਰਥੀ ਵੀ ਸ਼ਾਮਲ ਸਨ, ਜਿਸ ਕਰਕੇ ਉਨ੍ਹਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਦੱਸ ਦੇਈਏ ਕਿ ਸਿੱਖ ਧਰਮ ਵਿੱਚ ਪੰਜ ਕਕਾਰਾਂ ਵਿੱਚੋਂ ਕੜਾ ਵੀ ਇੱਕ ਹੈ।

ਇਹ ਮਾਮਲਾ ਸ਼ਹਿਰ ਦੇ ਮਲੋਟ ਰੋਡ ਸਥਿਤ ਰੀਜਨਲ ਪੋਲੀਟੈਕਨੀਕਲ ਕਾਲਜ ਤੋਂ ਸਾਹਮਣੇ ਆਇਆ ਹੈ, ਜਿੱਥੇ ਜੇਈ ਦਾ ਪੇਪਰ ਦੇਣ ਆਏ ਵਿਦਿਆਰਥੀਆਂ ਤੋਂ ਕਾਲਜ ਦੇ ਗੇਟ ‘ਤੇ ਕੜੇ ਲੁਹਾਏ ਗਏ। ਇਸ ਦਾ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ।
ਜੇਈ ਦਾ ਪੇਪਰ ਦੇਣ ਆਏ ਵਿਦਿਆਰਥੀ ਸ਼ਗਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਅਬੋਹਰ ਤੋਂ ਜੇਈ ਦਾ ਪੇਪਰ ਦੇਣ ਲਈ ਆਇਆ ਹੈ ਪਰ ਕਾਲਜ ਦੇ ਮੇਨ ਗੇਟ ’ਤੇ ਉਸ ਨੂੰ ਰੋਕ ਕੇ ਕੜਾ ਲਾਹੁਣ ਲਈ ਕਿਹਾ ਗਿਆ ਹੈ, ਜੇਕਰ ਉਹ ਅਜਿਹਾ ਨਹੀਂ ਕਰਦਾ ਤਾਂ ਉਸ ਨੂੰ ਪੇਪਰ ਵਿੱਚ ਬੈਠਣ ਨਹੀਂ ਦਿੱਤਾ ਜਾਵੇਗਾ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਨੇ ਸਖ਼ਤ ਵਿਰੋਧ ਕੀਤਾ। ਉਨ੍ਹਾਂ ਵੱਲੋਂ ਬਕਾਇਦਾ ਕੜੇ ਉਤਰਵਾਏ ਜਾ ਰਹੇ ਵਿਅਕਤੀ ਨੂੰ ਸਵਾਲ ਜਵਾਬ ਵੀ ਕੀਤੇ ਗਏ ਪਰ ਉਨ੍ਹਾਂ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਧਾਰਮਿਕ ਆਜ਼ਾਦੀ ‘ਤੇ ਹਮਲਾ ਹੈ। ਹਰ ਵਿਅਕਤੀ ਆਪਣੇ ਧਾਰਮਿਕ ਚਿੰਨ੍ਹਾਂ ਨੂੰ ਪਹਿਨ ਕੇ ਕਿਤੇ ਵੀ ਜਾ ਸਕਦਾ ਹੈ। ਸਿੱਖ ਜਥੇਬੰਦੀ ਦੇ ਆਗੂ ਨੇ ਇਸ ਤਹਿਤ 295ਏ ਤਹਿਤ ਮਾਮਲਾ ਦਰਜ ਕਰਨ ਦੀ ਵੀ ਮੰਗ ਕੀਤੀ ਹੈ।

