ਬਿਊਰੋ, ਪ੍ਰਾਈਮ ਪੋਸਟ ਪੰਜਾਬ
ਅੰਮ੍ਰਿਤਸਰ– ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਿਲ ਸ਼ਾਰਪਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮਨੁੰ ਸਰੰਡਰ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਮੀਡੀਆ ਨੂੰ ਬੁਲਾਉਣ ਲਈ ਕਿਹਾ ਸੀ। ਹਾਲਾਂਕਿ ਅਚਾਨਕ ਉਨ੍ਹਾਂ ਨੇ ਖਿਆਲ ਬਦਲ ਦਿੱਤਾ ਅਤੇ ਫਿਰ ਫਾਇਰਿੰਗ ਸ਼ੁਰੂ ਕਰ ਦਿੱਤੀ। ਇਹ ਖੁਲਾਸਾ ਰੂਪਾ ਅਤੇ ਮਨੁੰ ਦੇ ਐਨਕਾਉਂਟਰ ਵਿੱਚ ਸ਼ਾਮਲ ਇਕ ਅਫਸਰ ਨੇ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਟੀਮ ਦੀ ਦੋਵਾਂ ਨਾਲ ਕੁੱਝ ਦੇਰ ਗੱਲ ਵੀ ਹੋਈ ਪਰ ਫਿਰ ਉਹ ਸਰੰਡਰ ਕਰਨ ਤੋਂ ਪਿੱਛੇ ਹਟ ਗਏ। ਰੂਪਾ ਅਤੇ ਮਨੁੰ ਨੂੰ ਪੁਲਿਸ ਨੇ ਅੰਮ੍ਰਿਤਸਰ ਵਿੱਚ ਭਾਰਤ-ਪਾਕਿਸਤਾਨ ਬਾਰਡਰ ਤੋਂ 10 ਕਿਲੋਮੀਟਰ ਦੂਰ ਅਟਾਰੀ ਨੇੜੇ ਮਾਰ ਦਿੱਤਾ ਸੀ। ਆਪ੍ਰੇਸ਼ਨ ਵਿੱਚ ਸ਼ਾਮਲ ਮਾਨਸਾ ਦੇ ਕ੍ਰਾਈਮ ਇੰਸਵੈਸਟੀਗੇਸ਼ਨ ਇੰਚਾਰਜ (ਸੀ.ਆਈ.ਏ.) ਇੰਚਾਰਜ ਪ੍ਰਿਥੀਪਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਵਿੱਚ ਇਸ ਦੀ ਪੁਸ਼ਟੀ ਕੀਤੀ।
ਪੁਲਿਸ ਅਫਸਰ ਮੁਤਾਬਕ ਤਕਰੀਬਨ ਇੱਕ ਘੰਟੇ ਤੱਕ ਸ਼ਾਰਪਸ਼ੂਟਰਸ ਅਤੇ ਪੁਲਿਸ ਵਿਚਾਲੇ ਜ਼ੋਰਦਾਰ ਫਾਇਰਿੰਗ ਹੋਈ। ਇਸ ਤੋਂ ਬਾਅਦ ਅਚਾਨਕ ਸ਼ੂਟਰਸ ਨੇ ਫਾਇਰਿੰਗ ਘੱਟ ਕਰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਦੋਵੇਂ ਸਰੰਡਰ ਕਰਨਾ ਚਾਹੁੰਦੇ ਹਨ। ਉਨ੍ਹਾਂ ਦੀ ਪੁਲਿਸ ਵਾਲਿਆਂ ਦੇ ਨਾਲ ਛੱਤ ਤੋਂ ਗੱਲਬਾਤ ਹੋਈ। ਦੋਹਾਂ ਨੇ ਕਿਹਾ ਕਿ ਉਹ ਪ੍ਰੈੱਸ ਸਾਹਮਣੇ ਸਰੰਡਰ ਕਰਨਗੇ। ਪੁਲਿਸ ਇਸ ਦੇ ਲਈ ਰਾਜ਼ੀ ਹੋ ਗਈ। ਅਸੀਂ ਉਨ੍ਹਾਂ ਨੂੰ ਕਿਹਾ ਕਿ 15 ਮਿੰਟ ਤੱਕ ਉਹ ਫਾਇਰਿੰਗ ਨਾ ਕਰਨ। ਉਹ ਸਿਰਫ 5 ਮਿੰਟ ਚੁੱਪ ਰਹੇ ਅਤੇ ਫਿਰ ਉਸ ਤੋਂ ਬਾਅਦ ਤੇਜ਼ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਹੋਈ। ਪੁਲਿਸ ਲਗਾਤਾਰ ਉਨ੍ਹਾਂ ਨੂੰ ਸਰੰਡਰ ਦੀ ਅਪੀਲ ਕਰਦੀ ਰਹੀ।
ਇਸ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ ਕਿ ਕੀ ਉਨ੍ਹਾਂ ਨੂੰ ਸਰੰਡਰ ਕਰਨ ਤੋਂ ਕਿਸੇ ਨੇ ਰੋਕਿਆ। ਉਨ੍ਹਾਂ ਦੀ ਫਾਇਰਿੰਗ ਦੌਰਾਨ ਕਿਸ ਨਾਲ ਗੱਲ ਹੋਈ। ਪੁਲਿਸ ਨੂੰ ਉਨ੍ਹਾਂ ਤੋਂ ਇਕ ਟੁੱਟਿਆ ਮੋਬਾਇਲ ਮਿਲਿਆ ਹੈ, ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਕਿਸੇ ਦੂਜੇ ਗੈਂਗਸਟਰ ਨੇ ਉਨ੍ਹਾਂ ਨੂੰ ਸਰੰਡਰ ਨਾ ਕਰਨ ਨੂੰ ਕਿਹਾ, ਜਿਸ ਵਜ੍ਹਾ ਨਾਲ ਉਨ੍ਹਾਂ ਨੇ ਇਰਾਦਾ ਬਦਲ ਦਿੱਤਾ।
ਮੂਸੇਵਾਲਾ ਦੇ ਕਤਲ ਤੋਂ ਬਾਅਦ ਸ਼ਾਰਪਸ਼ੂਟਰ ਮਨੁੰ ਅਤੇ ਰੂਪਾ ਪੰਜਾਬ ਤੋਂ ਬਾਹਰ ਨਹੀਂ ਭੱਜੇ। ਕੈਨੇਡਾ ਬੈਠੇ ਲਾਰੈਂਸ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਨੇ ਉਨ੍ਹਾਂ ਨੂੰ ਬਾਹਰ ਜਾਣ ਨੂੰ ਕਿਹਾ ਸੀ। ਉਹ ਪੰਜਾਬ ਵਿੱਚ ਹੀ ਲੁਕਦੇ ਰਹੇ। ਇਸ ਦੀ ਵੱਡੀ ਵਜ੍ਹਾ ਉਨ੍ਹਾਂ ਦਾ ਨਸ਼ੇੜੀ ਹੋਣਾ ਰਿਹਾ। ਬਾਹਰ ਚਲੇ ਜਾਂਦੇ ਤਾਂ ਉਨ੍ਹਾਂ ਨੂੰ ਨਸ਼ਾ ਨਾ ਮਿਲਦਾ, ਇਸ ਲਈ ਉਹ ਇਥੇ ਹੀ ਰਹੇ। ਇਸ ਦੀ ਲੀਡ ਪੁਲਿਸ ਨੂੰ ਤਿਹਾੜ ਜੇਲ ਤੋਂ ਲਿਆਂਦੇ ਗਏ ਜੱਗੂ ਭਗਵਾਨਪੁਰੀਆ ਤੋਂ ਮਿਲੀ।
ਪੁਲਿਸ ਨੇ ਸੀਸੀਟੀਵੀ ਖੰਗਾਲਣੀ ਸ਼ੁਰੂ ਕੀਤੀ ਤਾਂ ਇਹ ਦੋਵੇਂ 21 ਜੂਨ ਦੀ ਸਵੇਰੇ ਤਕਰੀਬਨ 6 ਵਜੇ ਮੋਗਾ ਦੇ ਸਮਾਲਸਰ ਵਿੱਚ ਚੋਰੀ ਦੀ ਬਾਈਕ ‘ਤੇ ਨਜ਼ਰ ਆ ਗਏ। ਇਸ ਤੋਂ ਬਾਅਦ ਮੋਹਾਲੀ ਪੁਲਿਸ ਨੇ ਗੈਂਗਸਟਰ ਪਰਮਦਲੀਪ ਪੰਮਾ ਨੂੰ ਲੁੱਟ ਦੇ ਕੇਸ ਵਿੱਚ ਫੜਿਆ। ਉਹ ਰੂਪਾ ਦਾ ਸਾਥੀ ਸੀ। ਉਸ ਦੇ ਰਾਹੀਂ ਪੁਲਿਸ ਨੂੰ ਇਨ੍ਹਾਂ ਦੇ ਅੰਮ੍ਰਿਤਸਰ ਵਿੱਚ ਹੋਣ ਦੀ ਭਿਣਕ ਲੱਗ ਗਈ।

